ਆਤਮਾ ਸਕੀਮ ਅਧੀਨ ਪਿੰਡ ਸਨੌਰ (ਜਲੰਧਰ) ਵਿਖੇ ਕਿਸਾਨਾਂ ਦੀ ਐਕਸਪੋਜ਼ਰ ਵਿਜ਼ਿਟ
ਕਪੂਰਥਲਾ,17 ਮਾਰਚ(ਵਿਸ਼ਵ ਵਾਰਤਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਦੇ ਮੁੱਖ ਖੇਤੀਬਾੜੀ ਅਫਸਰ-ਕਮ-ਪ੍ਰੋਜੈਕਟ-ਡਾਇਰੈਕਟਰ ਆਤਮਾ ਕਪੂਰਥਲਾ ਡਾ. ਸੁਰਿੰਦਰ ਕੁਮਾਰ ਵਿਰਦੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ.ਹਰਕਮਲਪ੍ਰਿਤਪਾਲ ਸਿੰਘ ਭਰੋਤ ਬਲਾਕ ਖੇਤੀਬਾੜੀ ਅਫ਼ਸਰ-ਕਮ-ਬੀ.ਟੀ,ਟੀ. ਇੰਚਾਰਜ ਆਤਮਾ ਕਪੂਰਬਲਾ ਦੀ ਅਗਵਾਈ ਹੇਠ ਬਲਾਕ ਕਪੂਰਥਲਾ ਦੇ ਅਗਾਂਹਵਧੂ ਕਿਸਾਨਾਂ ਦੀ ਐਕਸਪੋਜ਼ਰ ਵਿਜ਼ਿਟ ਬ੍ਰਿਗੇਡੀਅਰ: ਸ.ਕੁਲਦੀਪ ਸਿੰਘ ਢਿੱਲੋਂ ਦੇ ਫਾਰਮ ਪਿੰਡ ਸਨੌਰ ਜਿਲ੍ਹਾ ਜਲੰਧਰ ਵਿਖੇ ਕਰਵਾਈ ਗਈ।

ਇਸ ਐਕਸਪੋਜ਼ਰ ਵਿਜ਼ਿਟ ਵਿੱਚ ਬ੍ਰਿਗੇਡੀਅਰ ਢਿੱਲੋਂ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਵੱਲੋਂ 22 ਏਕੜ ਫਾਰਮ ਵਿੱਚ ਵਰਮੀਕੰਪੋਸਟ, ਹਲਟੀ ਪ੍ਰੋਸੈਸਿੰਗ ਅਤੇ ਦੇਸੀ ਗੁੜ-ਸ਼ੱਕਰ ਬਣਾਉਣ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗੰਡੋਇਆਂ ਤੋਂ ਤਿਆਰ ਕੀਤੀ ਖਾਦ /ਕਿਚਨ-ਗਾਰਡਿੰਗ ਵਾਸਤੇ ਬਹੁਤ ਵਧੀਆ ਹੈ ਅਤੇ ਇਸ ਨੂੰ, 304 ਫੁੱਟ ਦੇ ਟੋਏ ਵਿੱਚ ਪਸੂਆਂ ਦੇ ਗੋਹੇ’ਤੋਂ ਤਿਆਰ ਕੀਤਾ ਜਾ ਸਕਦਾ ਹੈ।
ਹਲਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੰਦਿਆਂ ਬ੍ਰਿਗੇਡੀਅਰ ਢਿੱਲੋਂ ਨੇ ਕਿਹਾਂ ਕਿ ਇਹ ਇੱਕ ਬਹੁਤ ਹੀ ਲਾਹੇਵੰਦ ਧੰਦਾ ਹੈ, ਕਿਉਂਕਿ ਇੱਕ ਏਕੜ ਵਿੱਚੋਂ ਲਗਭਗ 80-90 ਕੁਵਿੰਟਲ ਝਾੜ ਮਿਲ ਜਾਂਦਾ ਹੈ ਅਤੇ ਇਸਨੂੰ ਕੋਈ ਬੀਮਾਰੀ ਵੀ ਨਹੀਂ ਲਗਦੀ । ਇਸ ਐਕਸਪੋਜਰ ਵਿਜਿਟ ਵਿੱਚ ਭਾਗ ਲੈ ਰਹੇ ਅਗਾਂਹਵੰਧੂ ਕਿਸਾਨ ਮਹਿੰਦਰ ਸਿੰਘ ਖਾਨੋਵਾਲ, ਹਜਾਰਾ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ,ਜਸਵਿੰਦਰ ਸਿੰਘ,ਜਸਪਾਲ ਸਿੰਘ,ਹਰਜਿੰਦਰ ਸਿੰਘ,ਕੇਵਲ ਸਿੰਘ,ਕਰਮਜੀਤ ਸਿੰਘ ਆਦਿ ਨੂੰ ਬ੍ਰਿਗੇਡੀਅਰ ਢਿੱਲੋਂ ਵੱਲੋਂ ਜਟਰੇਫਾ ਪਲਾਂਟ ਤੋਂ ਤਿਆਰ ਕੀਤੇ ਜਾਂਦੇ ਬਾਇਓ ਡੀਜਲ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਿਮਰਜੀਤ ਸਿੰਘ ਬੀ.ਟੀ.ਐਮ. ਆਤਮਾ, ਜਗਜੀਤ ਸਿੰਘ ਏ.ਟੀ.ਐਮ. ਹਾਜ਼ਰ ਸਨ।























