ਰੂਸ- ਯੂਕਰੇਨ ਸੰਕਟ, ਯੂਕਰੇਨ ‘ਤੇ ਹਮਲੇ ਦਾ 19 ਵਾਂ ਦਿਨ
ਦੋਵਾਂ ਦੇਸ਼ਾਂ ‘ਚ ਅੱਜ ਹੋਵੇਗੀ ਗੱਲਬਾਤ
ਚੰਡੀਗੜ੍ਹ, 14 ਮਾਰਚ(ਵਿਸ਼ਵ ਵਾਰਤਾ)-ਰੂਸ-ਯੂਕਰੇਨ ਜੰਗ ਨੂੰ ਚਲਦਿਆਂ 19 ਦਿਨ ਹੋ ਗਏ ਹਨ। ਹੁਣ ਯੂਕਰੇਨ ਦੇ ਪੱਛਮੀ ਹਿੱਸੇ ਵਿੱਚ ਲੜਾਈ ਤੇਜ਼ ਹੋ ਗਈ ਹੈ, ਜੋ ਹੁਣ ਤੱਕ ‘ਸੁਰੱਖਿਅਤ ਪਨਾਹ’ ਬਣਿਆ ਹੋਇਆ ਸੀ। ਰੂਸੀ ਬਲਾਂ ਨੇ ਐਤਵਾਰ ਨੂੰ ਨਾਟੋ ਮੈਂਬਰ ਪੋਲੈਂਡ ਦੀ ਸਰਹੱਦ ਤੋਂ ਸਿਰਫ਼ 12 ਮੀਲ ਦੂਰ ਯਾਵੋਰਿਵ ਵਿੱਚ ਇੱਕ ਫੌਜੀ ਸਿਖਲਾਈ ਅੱਡੇ ‘ਤੇ ਕਰੂਜ਼ ਮਿਜ਼ਾਈਲਾਂ ਦਾਗੀਆਂ, ਜਿਸ ਵਿੱਚ 35 ਲੋਕਾਂ ਦੀ ਮੌਤ ਹੋ ਗਈ ਅਤੇ 134 ਜ਼ਖਮੀ ਹੋ ਗਏ। ਰੂਸ ਨੇ ਹਮਲੇ ‘ਚ 180 ਵਿਦੇਸ਼ੀ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।
ਦੂਜੇ ਪਾਸੇ ਖੇਤਰੀ ਗਵਰਨਰ ਨੇ ਦੱਖਣੀ ਬੰਦਰਗਾਹ ਸ਼ਹਿਰ ਮਾਈਕੋਲੇਵ ਵਿੱਚ ਰੂਸੀ ਹਵਾਈ ਹਮਲੇ ਵਿੱਚ 9 ਨਾਗਰਿਕਾਂ ਦੇ ਮਾਰੇ ਜਾਣ ਅਤੇ ਇੱਕ ਦਰਜਨ ਤੋਂ ਵੱਧ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ।ਇਕ ਨਿਊਜ਼ ਏਜੰਸੀ ਮੁਤਾਬਕ ਯੂਕਰੇਨ ਅਤੇ ਰੂਸ ਦੇ ਅਧਿਕਾਰੀ ਅੱਜ ਫਿਰ ਤੋਂ ਸ਼ਾਂਤੀ ਵਾਰਤਾ ਕਰਨਗੇ। ਇਹ ਗੱਲਬਾਤ ਵੀਡੀਓ ਕਾਲ ਰਾਹੀਂ ਹੋਵੇਗੀ।