ਕਲਾਕਾਰਾਂ ਨੂੰ ਨਹੀਂ,ਲੋਕਾਂ ਨਾਲ ਜੁੜੇ ਵਿਅਕਤੀਆਂ ਨੂੰ ਟਿਕਟ ਦੇਵੇ ਕਾਂਗਰਸ -ਪੰਜਾਬ ਯੂਥ ਕਾਂਗਰਸ ਪ੍ਰਧਾਨ
ਗਾਇਕ ਸਿੱਧੂ ਮੂਸੇਵਾਲਾ ਤੇ ਰੱਜ ਕੇ ਵਰੇ ਸੂਬਾ ਪ੍ਰਧਾਨ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਅਨਾਜ ਮੰਡੀ ਵਿਖੇ ਜ਼ਿਲ੍ਰਾ ਯੂਥ ਵਿੰਗ ਪ੍ਰਧਾਨ ਚੁਸ਼ਪਿੰਦਰਬੀਰ ਚਹਿਲ ਵੱਲੋਂ ਬੁਲਾਏ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਹਾਈਕਮਾਂਡ ਨੂੰ ਵੰਗਾਰਦਿਆਂ ਕਿਹਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਦੇਣ ਤੋਂ ਪਹਿਲਾਂ ਪਾਰਟੀ ਗੰਭੀਰਤਾ ਨਾਲ ਵਿਚਾਰ ਕਰੇ ਕਿ ਜਮੀਨੀ ਤੌਰ ਤੇ ਕਿਹੜਾ ਨੇਤਾ ਲੋਕਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਤਿੱਖੀਆਂ ਤਕਰੀਰਾਂ ਕਰਦਿਆਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਪਾਰਟੀ ਹਾਈਕਮਾਂਡ ਟਿਕਟ ਦਿੰਦੀ ਹੈ ਤਾਂ ਇਹ ਅਸਲੀ ਹੱਕਦਾਰ ਨੌਜਵਾਨ ਦੇ ਹੱਕ ਤੇ ਡਾਕਾ ਹੋਵੇਗਾ। ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਟਿਕਟ ਦਾ ਮਸਲਾ ਮਾਨਸਾ ਵਿਧਾਨ ਸਭਾ ਹਲਕੇ ਤੋਂ ਗੰਭੀਰ ਬਣਿਆ ਹੋਇਆ ਹੈ। ਇਹ ਨਾ ਤਾਂ ਲੋਕਾਂ ਨੂੰ ਸਵੀਕਾਰ ਹੈ ਕਿ ਰਾਤੋ ਰਾਤ ਪਾਰਟੀ ਵਿੱਚ ਆਏ ਕਿਸੇ ਕਲਾਕਾਰ ਨੂੰ ਟਿਕਟ ਦਿੱਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ। ਮੰਗਲਵਾਰ ਨੂੰ ਮਾਨਸਾ ਦੀ ਅਨਾਜ ਮੰਡੀ ਵਿੱਚ ਯੂਥ ਕਾਂਗਰਸ ਦੀ ਇਸ ਰੈਲੀ ਨੂੰ ਸੁਣਨ ਲਈ ਮੀਂਹ ਵਿੱਚ ਵੀ ਨੌਜਵਾਨ ਡਟੇ ਰਹੇ ਅਤੇ ਲੋਕਾਂ ਦਾ ਡਟਵਾਂ ਹਜੂਮ ਜੁੜਿਆ।ਇਸ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਵਿੱਚ ਆਉਣਾ ਇੱਕ ਕਲਾਕਾਰ ਲਈ ਚੰਗੀ ਗੱਲ ਹੈ, ਪਰ ਉਸ ਨੂੰ ਟਿਕਟ ਦੇ ਕੇ ਕਿਤੇ ਪਾਰਟੀ ਸੰਨੀ ਦਿਉਲ ਵਾਲਾ ਹਾਲ ਕਰਵਾ ਕੇ ਲੋਕਾਂ ਦੀਆਂ ਨਜਰਾਂ ਵਿੱਚ ਡਿੱਗ ਨਾ ਜਾਵੇ, ਕਿਉਂਕਿ ਗਲੈਮਰ ਦੇ ਸਹਾਰੇ ਚੋਣ ਜਿੱਤਣ ਵਾਲੇ ਸੰਨੀ ਦਿਲਉ ਨੇ ਵੀ ਲੋਕਾਂ ਦੀ ਮੁੜ ਕੇ ਸਾਰ ਨਹੀਂ ਲਈ। ਅਸਿੱਧੇ ਰੂਪ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀਆਂ ਦੁੱਖ ਤਖਲੀਫਾਂ ਵਿੱਚ ਖੜਨ ਵਾਲੇ ਵਿਅਕਤੀ ਚੁਣਨੇ ਚਾਹੀਦੇ ਹਨ, ਜਿੰਨਾਂ ਨੂੰ ਜਦੋਂ
ਮਰਜੀ ਔਖੇ ਵੇਲੇ ਹਾਕ ਮਾਰ ਲਈ ਜਾਵੇ, ਪਰ ਲੋਕਾਂ ਅਤੇ ਪਾਰਟੀ ਨੂੰ ਗਾਇਕਾਂ, ਕਲਾਕਾਰਾਂ ਤੇ ਲੋਕ ਸੁਣਵਾਈ ਕਰਨ ਦਾ ਵਾਲਾ ਭਰੋਸਾ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਮੰਚ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚੋਣ ਕਮੇਟੀ ਦੇ ਇੰਚਾਰਜ ਸੁਨੀਲ ਜਾਖੜ ਦਾ ਨਾਂ ਲੈ ਕੇ ਕਿਹਾ ਕਿ ਉਹ ਮਾਨਸਾ ਵਿਚ ਹੋਏ ਇਕੱਠ ਦੀ ਰਿਪੋਰਟ ਲੈ ਲੈਣ ਅਤੇ ਫਿਰ ਮਾਨਸਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇਣ ਦਾ ਕੋਈ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਲਾਕਾਰ, ਅਦਾਕਾਰ ਪਾਰਟੀ ਨੂੰ ਆਪਣੀ ਜੰਗੀਰ ਸਮਝਦੇ ਹਨ, ਉਸਨੂੰ ਕਦੇਂ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲੋਕ ਕਚਹਿਰੀ ਵਿੱਚ ਅਜਿਹੇ ਆਗੂ ਨਿਰਾਸ਼ ਹੋ ਕੇ ਮੁੜਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਰਾਜ ਭਾਗ ਦੌਰਾਨ ਇੰਨਾਂ ਦਿਨਾਂ ਵਿੱਚ ਲੋਕਾਂ ਨੂੰ ਰਿਆਇਤਾਂ, ਸਕੀਮਾਂ, ਸਹੂਲਤਾਂ ਦੇ ਗੱਫੇ ਦਿੱਤੇ ਹਨ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਤੱਕ ਕੋਈ ਸਰਕਾਰ ਇਸ ਤਰ੍ਹਾਂ ਲੋਕਾਂ ਨੂੰ ਸਹੂਲਤਾਂ ਨਹੀਂ ਦੇ ਸਕੀ। ਢਿੱਲੋਂ ਨੇ ਕਿਹਾ ਕਿ ਪਾਰਟੀ ਨੂੰ ਆਪਣੀ ਇਸ ਤਾਕਤ ਅਤੇ ਫੈਸਲੇ ਤੇ ਵੱਡਾ ਭਰੋਸਾ ਹੈ ਤਾਂ ਕਲਾਕਾਰਾਂ ਨੂੰ ਟਿਕਟ ਕਾਹਦੇ ਲਈ ਦੇਣੀ ਹੈ। ਉਨ੍ਹਾਂ ਕਿਹਾ ਕਿ ਉਹ ਮਾਨਸਾ ਹਲਕੇ ਤੋਂ ਯੂਥ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਦੇ ਹੱਕ ਲਈ ਟਿਕਟ ਮੰਗਣਗੇ ਅਤੇ ਇਸ ਸਬੰਧੀ ਆਪਣੇ ਵੱਲੋਂ ਕੇਂਦਰੀ ਕਮੇਟੀ ਕੋਲ ਵੀ ਸਿਫਾਰਿਸ਼ ਭੇਜਣਗੇ।
ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾਂ ਯੂਥ ਵਿੰਗ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਭਾਵੁਕ ਤਕਰੀਰਾਂ ਕਰਦਿਆਂ ਕਿਹਾ ਕਿ ਲੋਕਾਂ ਦੀ ਹਰ ਦੁੱਖ ਤਖਲੀਫ, ਅਕਾਲੀ ਸਰਕਾਰ ਵੇਲੇ ਦਰਜ ਮਾਮਲਿਆਂ ਦਾ ਸਾਹਮਣਾ ਕਰਨ ਅਤੇ ਉਸ ਦੇ ਜੁਲਮ ਦਾ ਡਟ ਕੇ ਮੁਕਾਬਲਾ ਕੀਤਾ, ਪਰ ਅੱਜ ਜਦ ਉਨ੍ਹਾਂ ਨੂੰ ਟਿਕਟ ਦੇ ਕੇ ਲੋਕਾਂ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਇੱਕ ਗਾਇਕ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਉਸ ਨੂੰ ਟਿਕਟ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਤਿੱਖੇ ਰੂੂਪ ਵਿੱਚ ਕਿਹਾ ਕਿ ਜੇਕਰ ਮਾਨਸਾ ਤੋਂ ਕਾਂਗਰਸ ਪਾਰਟੀ ਨੇ ਸਿੱਧੂ ਮੂੂਸੇਵਾਲਾ ਨੂੰ ਟਿਕਟ ਦਿੱਤੀ ਤਾਂ ਉਹ ਇਸ ਦਾ ਡਟਵਾਂ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਟਿਕਟ ਨੁੰ ਲੈ ਕੇ ਇੱਥੇ ਲੀਡਰਾਂ ਦੇ ਸਿੰਗ ਨਾਲ ਫਸਾਵੇ ਅਤੇ ਲੋਕਾਂ ਨਾਲ ਜੁੜੇ ਹੋਏ ਲੋਕਾਂ ਦੀ ਪਹਿਚਾਣ ਕਰਕੇ ਕਿਸੇ ਵੀ ਸਥਾਨਕ ਪਾਰਟੀ ਆਗੂ ਨੂੰ ਟਿਕਟ ਦਿੱਤੀ ਜਾਵੇ, ਪਰ ਬਾਹਰਲਾ ਵਿਅਕਤੀ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਲੋਕਾਂ ਨਲ ਮੰਚ ਤੋਂ ਵਾਅਦਾ ਤੋਂ ਕੀਤਾ ਕਿ ਜੇਕਰ ਉਨ੍ਹਾਂ ਨੂੰ ਲੋਕਾਂ ਦੇ ਏਕੇ ਨਾਲ ਤਾਕਤ ਮਿਲੀ ਤਾਂ ਉਹ ਆਪਣੀ ਸਾਰੀ ਉਮਰ ਲੋਕ ਸੇਵਾ ਦੇ ਲੇਖੇ ਆਉਣਗੇ ਅਤੇ ਕਦੇ ਵੀ ਰਜਨੀਤੀ ਅਤੇ ਆਪਣੇ ਆਹੁਦੇ ਨੂੰ ਆਪਣੇ ਮੁਫਾਦ ਲਈ ਨਹੀਂ ਵਰਤਣਗੇ। ਉਨ੍ਹਾਂ ਇਸ ਦੌਰਾਨ ਭਰਵੇਂ ਮੀਂਹ ਵਿੱਚ ਰਿਕਾਰਡ ਤੋਂ ਭੀੜ ਜਮ੍ਹਾਂ ਕਰਨ ਤੇ ਆਪਣੇ ਸਮਰਥਕਾਂ ਦਾ ਹੌਂਸਲਾ ਵਧਾ ਕੇ ਧੰਨਵਾਦ ਕੀਤਾ ਅਤੇ ਮੰਚ ਤੋਂ ਕਈ ਆਗੂਆਂ ਦੇ ਨਾਂ ਲੈ ਕੇ ਕਿਹਾ ਕਿ ਪਾਰਟੀ ਇੰਨਾਂ ਵਿਅਕਤੀਆਂ ਦੀ ਉਮੀਦ ਨੂੰ ਨਾ ਤੋੜੇ। ਇਸ ਮੌਕੇ ਕੇਂਦਰੀ ਕਮੇਟੀ ਵਲੋਂ ਭੇਜੇ ਪਾਰਟੀ ਇੰਚਾਰਜ ਬੰਟੀ ਸ਼ੈਲਕੇ, ਕੋ ਇੰਚਾਰਜ ਮੁਕੇਸ਼ ਕੁਮਾਰ, ਨਿਰਮਲ ਸਿੰਘ ਸਿੱਧੂ, ਅਮਤੋਜ ਸਿੰਘ, ਰਜਨੀਸ਼ ਸ਼ਰਮਾ, ਲੱਕੀ ਸਿੱਧੂ ਬਠਿੰਡਾ, ਬਲਰਾਜ ਬਾਂਸਲ ਆਦਿ ਹਾਜ਼ਰ ਸਨ।























