ਗਿਆਨੀ ਹਰਪ੍ਰੀਤ ਸਿੰਘ ਬਾਦਲ ਦਲ ਦੇ ਬੁਲਾਰੇ ਨਾ ਬਣਨ : ਮਨਜੀਤ ਸਿੰਘ ਭੋਮਾ
ਚੰਡੀਗੜ੍ਹ, 4 ਜਨਵਰੀ(ਵਿਸ਼ਵ ਵਾਰਤਾ)- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਗਾਤਾਰ ਬਾਦਲ ਪਰਿਵਾਰ ਅਤੇ ਬਾਦਲ ਦਲ ਨੂੰ ਮਜਬੂਤ ਕਰਨ ਦੇ ਆ ਰਹੇ ਬਿਆਨਾਂ `ਤੇ ਸਖ਼ਤ ਪ੍ਰਤੀਕੀਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਅਤੇ ਬੁਲਾਰੇ ਸ: ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਪੰਥ ਦੇ ਸਰਵਉੱਚ ਸਥਾਨ `ਤੇ ਬੈਠੇ ਹਨ ਅਜਿਹੇ ਵਿੱਚ ਉਨ੍ਹਾਂ ਨੂੰ ਕੇਵਲ ਪੰਥ ਦੀ ਬਿਹਤਰੀ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਦਾ ਪ੍ਰਚਾਰ ਕਰਕੇ ਕੌਮ ਨੂੰ ਗੁੰਮਰਾਹ ਕਰਨਾ ਚਾਹੀਦਾ ਹੈ। ਸ:ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਬਾਦਲ ਦਲ ਦੇ ਬੁਲਾਰੇ ਨਹੀ ਹਨ ਬਲਕਿ ਪੰਥ ਦੀ ਸਿਰਮੋਰ ਸੰਸਥਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ ਅਤੇ ਉਨ੍ਹਾਂ ਨੂੰ ਕਿਸੇ ਸਿਆਸੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨਾ ਸ਼ੋਭਾ ਨਹੀ ਦਿੰਦਾ ਹੈ।
ਸ: ਭੋਮਾ ਨੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦਿੱਤੇ ਭਾਸ਼ਣ ਦਾ ਜਿ਼ਕਰ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਨੇ ਆਪਣੇ ਸਾਰੇ ਭਾਸ਼ਣ ਦੌਰਾਨ ਬਾਦਲਾਂ ਦੇ ਗੁਨਾਹਾਂ ਤੇ ਪਰਦਾ ਪਾ ਕੇ ਬਾਦਲਾਂ ਦੀ ਸਿਫ਼ਤ ਕੀਤੀ ਹੈ ਅਤੇ ਬਾਦਲ ਦਲ ਨੂੰ ਮਜਬੂਤ ਕਰਨ ਬਾਰੇ ਪੰਥ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕੀਤੀ ਹੈ। ਉਹਨਾਂ ਕਿਹਾ ਬਾਦਲ ਅਕਾਲੀ ਦਲ ਪੰਥ ਨਹੀਂ , ਸਗੋਂ 1996 ਤੋਂ ਬਾਦਲ ਦਲ ਪੰਜਾਬੀ ਪਾਰਟੀ ਬਣ ਚੁੱਕਾ ਹੈ । ਸ: ਭੋਮਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਬਾਦਲ ਪਰਿਵਾਰ ਨੇ ਸਿੱਖ ਪੰਥ ਅਤੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ ਉਸ ਨੂੰ ਕਦੇ ਵੀ ਭੁੱਲਿਆ ਨਹੀ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸੌਦਾ ਸਾਧ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਵਾਉਣ ਦਾ ਡਰਾਮਾ ਰਚਣ,ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਸ਼ਨਾਖ਼ਤ ਨਾ ਕਰ ਸਕਣ, ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨਾ , ਟਰਾਂਸਪੋਰਟ, ਰੇਤ, ਕੇਬਲ ਮਾਫੀਆ ਅਤੇ ਹੋਰ ਕਈਂ ਤਰ੍ਹਾਂ ਦੇ ਨਸਿ਼ਆਂ `ਤੇ ਕਾਬੂ ਨਾ ਪਾ ਸਕਣ ਕਾਰਨ ਪੰਥ ਅਤੇ ਪੰਜਾਬ ਦਾ ਜੋ ਨੁਕਸਾਨ ਹੋਇਆ ਹੈ,ਇਹ ਨੁਕਸਾਨ ਕੌਮ ਅਤੇ ਪੰਜਾਬੀਆਂ ਦੀਆਂ ਕਈਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਬਾਦਲਾਂ ਵਲੋਂ ਤਿੰਨ ਵਾਰੀ ਪੰਜਾਬ ਦੀ ਸਤਾ ਸੰਭਾਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਤਿਵਾੜੀ ਕਮਿਸ਼ਨ ਦੀ ਜਾਂਚ ਰਿਪੋਰਟ ਜਨਤਕ ਨਾ ਕਰਨ `ਤੇ ਦੋਸ਼ੀਆਂ ਨੂੰ ਗਿ੍ਰਫਤਾਰ ਨਾ ਕਰਨ ਤੇ ਸ੍ਰ ਭੋਮਾਂ ਨੇ ਬਾਦਲਾਂ ਨੂੰ ਨਿਸ਼ਾਨੇ `ਤੇ ਲਿਆ ।
ਸ: ਭੋਮਾ ਨੇ ਕਿਹਾ ਕਿ ਬਾਦਲ ਪਰਿਵਾਰ ਚੋਣ ਕਮਿਸ਼ਨ ਤੇ ਹੁਸ਼ਿਆਰਪੁਰ ਦੀ ਮਾਣਯੋਗ ਅਦਾਲਤ ਨੂੰ ਇਹ ਵੀ ਸਪਸ਼ੱਟ ਕਰਣ ਕਿ
ਉਨ੍ਹਾਂ ਦੀ ਪਾਰਟੀ ਪੰਜਾਬੀ ਪਾਰਟੀ ਹੈ ਜਾਂ ਪੰਥਕ ਪਾਰਟੀ। ਜੇਕਰ ਉਨ੍ਹਾਂ ਦੀ ਪਾਰਟੀ ਪੰਥਕ ਹੈ ਤਾਂ ਚੋਣ ਕਮਿਸ਼ਨ ਕੋਲੋਂ ਆਪਣੀ ਪੰਜਾਬੀ ਪਾਰਟੀ ਦੀ ਰਜਿਸਟਰੇਸ਼ਨ ਰੱਦ ਕਰਵਾਉਣ। ਉਹਨਾਂ ਕਿਹਾ ਵੱਡੇ ਬਾਦਲ ਸਾਹਿਬ ਨੂੰ ਇਸ ਉਮਰ ਵਿੱਚ ਝੂਠ ਨਹੀਂ ਮਾਰਨਾ ਚਾਹੀਦਾ ਕਿ ਉਹਨਾਂ ਨੇ ਪੰਥ ਦੀ ਖ਼ਾਤਰ 15 ਸਾਲ ਜੇਲ੍ਹ ਕੱਟੀ ਹੈ ਜਦ ਕਿ ਸਰਕਾਰੀ ਰਿਕਾਰਡ ਮੁਤਾਬਿਕ ਅਸਲੀਅਤ ਇਹ ਹੈ ਕਿ ਉਹਨਾਂ ਨੇ ਸਿਰਫ਼ ਪੌਣੇ ਪੰਜ ਸਾਲ ਹੀ ਜੇਲ ਕੱਟੀ ਹੈ ਇਸਦੇ ਬਦਲੇ ਬਾਦਲ ਪੰਜ ਵਾਰ ਮੁੱਖ ਮੰਤਰੀ ਪੰਜਾਬ ਬਣ ਚੁੱਕੇ ਹਨ । ਜਦ ਕਿ ਪੰਥ ਦੇ ਮਰਜੀਵੜੇ 30- 30 ਸਾਲ ਜੇਲ੍ਹ ਕੱਟ ਚੁੱਕੇ ਹਨ ਪਰ ਇਹਨਾਂ ਮਰਜੀਵੜਿਆਂ ਦੀ ਬਾਦਲ ਸਾਹਿਬ ਨੂੰ ਕਦੇ ਯਾਦ ਨਹੀਂ ਆਈ ।






















