ਸੋਹਾਣਾ ਵਿਖੇ ਦੁਕਾਨਾਂ ਅੱਗੇ ਟੰਗਿਆ ਜਾਨਵਰਾਂ ਦਾ ਹੱਡ
ਮੋਹਾਲੀ, 2 ਮਾਰਚ (ਵਿਸ਼ਵ ਵਾਰਤਾ) : ਮੋਹਾਲੀ ਨੇੜਲੇ ਪਿੰਡ ਸੋਹਾਣਾ ਵਿਖੇ ਬੜੇ ਹੀ ਅਜੀਬ ਢੰਗ ਨਾਲ ਮਨਾਈ ਜਾਂਦੀ ਹੈ| ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ ਕਿ ਇੱਥੇ ਹੋਲੀ ਨਾਲੀਆਂ ਦੇ ਗੰਦੇ ਪਾਣੀ ਨਾਲ, ਸ਼ਮਸ਼ਾਨਘਾਟ ਦੀ ਰਾਖ ਅਤੇ ਹੱਡਾਰੋੜੀ ਨਾਲ ਖੇਡੀ ਜਾਂਦੀ ਹੈ| ਇਹ ਰਵਾਇਤ ਬਹੁਤ ਪੁਰਾਣੀ ਹੈ| ਸੋਹਾਣਾ ਵਿਖੇ ਲੋਕ ਹੋਲੀ ਮੌਕੇ ਖੂਬ ਹੁੜਦੰਗ ਵੀ ਕਰਦੇ ਹਨ| ਅੱਜ ਵੀ ਸੋਹਾਣਾ ਵਿਖੇ ਇਸੇ ਢੰਗ ਨਾਲ ਹੋਲੀ ਖੇਡੀ ਗਈ| ਮੌਕੇ ਉਤੇ ਪੁਲਿਸ ਵੀ ਪਹੁੰਚ ਗਈ, ਪਰ ਇਸ ਦੇ ਬਾਵਜੂਦ ਲੋਕ ਹੁੜਦੰਗ ਕਰਦੇ ਰਹੇ| ਇਨ੍ਹਾਂ ਲੋਕਾਂ ਨੇ ਬਾਜ਼ਾਰ ਵਿਚ ਦੁਕਾਨਾਂ ਅੱਗੇ ਮਰੇ ਹੋਏ ਡੰਗਰਾਂ ਦੇ ਹੱਡ ਟੰਗ ਦਿੱਤੇ ਅਤੇ ਜਗ੍ਹਾ-ਜਗ੍ਹਾ ਸ਼ਮਸ਼ਾਨਘਾਟ ਦੀ ਰਾਖ ਖਿਲਾਰ ਦਿੱਤੀ| ਹਾਲਾਂਕਿ ਰੰਗਾਂ ਦੀ ਵੀ ਖੂਬ ਵਰਤੋਂ ਕੀਤੀ ਗਈ|
ਇਸ ਹੋਲੀ ਪਿੱਛੇ ਹੈ ਪੁਰਾਣੀ ਮਾਨਤਾ
ਇਸ ਦੇ ਪਿੱਛੇ ਮੁੱਖ ਵਜਾ ਪੁਰਾਣੇ ਸਮੇਂ ਤੋਂ ਇਹ ਦੱਸੀ ਜਾ ਰਹੀ ਹੈ ਕਿ ਸੋਹਾਣਾ ਵਿਚ ਰਿਵਾਜ ਰਿਹਾ ਹੈ ਕਿ ਇਹ ਸਭ ਨਾ ਕੀਤਾ ਗਿਆ ਤਾਂ ਪਿੰਡ ਅੰਦਰ ਮੌਤਾਂ ਹੋਣਗੀਆਂ ਅਤੇ ਇਲਾਕੇ ਵਿਚ ਵਪਾਰ ਉਪਰ ਇਸ ਦਾ ਭਾਰੀ ਅਸਰ ਹੋਵੇਗਾ| ਇਸ ਲਈ ਲੋਕ ਇਹ ਸਭ ਕਰਦੇ ਹਨ|
ਲੋਕਾਂ ਵੱਲੋਂ ਵਿਰੋਧ
ਦੂਸਰੇ ਪਾਸੇ ਪਿੰਡ ਸੋਹਾਣਾ ਵਿਖੇ ਬਾਹਰੋਂ ਬਹੁਤੇ ਲੋਕ ਕਿਰਾਏ ਉਤੇ ਰਹਿਣ ਲੱਗ ਪਏ ਹਨ ਅਤੇ ਉਹ ਇਸ ‘ਗੰਦੀ’ ਹੋਲੀ ਦਾ ਵਿਰੋਧ ਵੀ ਕਰਦੇ ਹਨ, ਪਰ ਸੋਹਾਣੇ ਦੇ ਲੋਕਾਂ ਉਪਰ ਇਸ ਦਾ ਕੋਈ ਅਸਰ ਨਹੀਂ ਅਤੇ ਇਹ ਉਨ੍ਹਾਂ ਦੀ ਪੁਰਾਣੀ ਪਰੰਪਰਾ ਹੈ, ਜੋ ਕਿ ਅੱਜ ਵੀ ਕਾਇਮ ਹੈ|