ਭਗਵੰਤ ਮਾਨ ਦਾ ਭਾਜਪਾ ਤੇ ਵੱਡਾ ਇਲਜ਼ਾਮ, ਉਹਨਾਂ ਨੂੰ ਖਰੀਦਣ ਦੇ ਲਾਏ ਦੋਸ਼
ਦਿੱਤਾ ਗਿਆ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ
ਚੰਡੀਗੜ੍ਹ, 5 ਦਸੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਵੱਡਾ ਖੁਲਾਸਾ ਕੀਤਾ। ਉਹਨਾਂ ਨੇ ਇਹ ਖੁਲਾਸਾ ਕਰਦਿਆਂ ਭਾਰਤੀ ਜਨਤਾ ਪਾਰਟੀ ਤੇ ਉਨ੍ਹਾਂ ਨੂੰ ‘ਖ਼ਰੀਦਣ’ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਪ੍ਰੈੱਸ ਨਾਲ ਗੱਤਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਉਹਨਾਂ ਨੂੰ ਭਾਜਪਾ ਦੇ ਇਕ ਬਹੁਤ ਵੱਡੇ ਨੇਤਾ ਦਾ ਫ਼ੋਨ ਆਇਆ ਸੀ ਅਤੇ ਉਹਨਾਂ ਨੇ ਕਿਹਾ ਕਿ ‘ਤੁਸੀਂ ਦੱਸੋ ਭਾਜਪਾ ਵਿੱਚ ਆਉਣ ਦਾ ਕੀ ਲਵੋਗੇ? ਕਿੰਨੀ ਰਕਮ ਚਾਹੀਦੀ ਹੈ।’ ਹਾਲਾਂਕਿ ਮਾਨ ਵੱਲੋਂ ਉਸ ਭਾਜਪਾ ਆਗੂ ਦਾ ਨਾਂ ਨਹੀਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਸਮਾਂ ਆਉਣ ਤੇ ਉਹ ਨਾਂ ਵੀ ਜਨਤਕ ਕਰਨਗੇ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਭਾਜਪਾ ਦੇ ਇਕਲੌਤੇ ਸੰਸਦ ਮੈਂਬਰ ਹੋ, ਜੇ ਤੁਸੀਂ ਭਾਜਪਾ ਵਿੱਚ ਆ ਜਾਉ ਤਾਂ ਤੁਹਾਡੇ ਤੇ ਦਲਬਦਲੀ ਕਾਨੂੰਨ ਵੀ ਲਾਗੂ ਨਹੀਂ ਹੋਣਾ। ਜੇ ਤੁਸੀਂ ਆਉਂਦੇ ਹੋ ਤਾਂ ਕੇਂਦਰੀ ਕੈਬਨਿਟ ਵਿੱਚ ਮੰਤਰੀ ਬਣਾ ਦਿਆਂਗੇ ਅਤੇ ਮਹਿਕਮਾ ਵੀ ਉਹ ਦੇ ਦੇਵਾਂਗੇ ਜੋ ਤੁਸੀਂ ਆਖ਼ੋਗੇ। ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦਾ ਜਵਾਬ ਸੀ ਕਿ ‘ਮੈਂ ਮਿਸ਼ਨ ਤੇ ਹਾਂ ਕਮਿਸ਼ਨ ਤੇ ਨਹੀਂ। ਹੋਰ ਹੋਣਗੇ ਜਿਹਨਾਂ ਨੂੰ ਤੁਸੀਂ ਖ਼ਰੀਦ ਲੈਂਦੇ ਹੋ। ਉਹ ਨੋਟ ਅਜੇ ਨਹੀਂ ਬਣੇ ਜਿਹੜੇ ਭਗਵੰਤ ਮਾਨ ਨੂੰ ਖ਼ਰੀਦ ਸਕਣ।’























