ਪਰਚੇ ਦਰਜ ਕਰਨ ਦੇ ਐਲਾਨ ਦੇ ਬਾਵਜੂਦ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਹੀ ਟਾਵਰ ਤੇ ਚੜ੍ਹ ਗਏ ਕੱਚੇ ਅਧਿਆਪਕ

ਚੰਡੀਗੜ੍ਹ,1 ਦਸੰਬਰ(ਵਿਸ਼ਵ ਵਾਰਤਾ)ਪੱਕਾ ਕਰਨ ਅਤੇ ਬਰਾਬਰ ਤਨਖਾਹ ਦੇ ਮੁੱਦੇ ਨੂੰ ਲੈ ਕੇ ਕੁੱਝ ਕੱਚੇ ਅਧਿਆਪਕ ਅੱਜ ਖਰੜ ਵਿੱਚ ਟਾਵਰ ਉਤੇ ਚੜ ਗਏ ਹਨ। ਅੱਜ ਸਵੇਰੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕ ਖਰੜ ਵਿਖੇ 4 ਅਧਿਆਪਕ ਟਾਵਰ ਉਤੇ ਚੜ੍ਹ ਗਏ।ਟਾਵਰ ਉੱਤੇ ਚੜ੍ਹਨ ਵਾਲੇ ਅਧਿਆਪਕਾਂ ਵਿੱਚ ਹਰਪ੍ਰੀਤ ਕੌਰ ਜਲੰਧਰ, ਨਿਸ਼ਾਂਤ ਕਪੂਰਥਲਾ, ਰੰਜਨਾ ਹੁਸ਼ਿਆਰਪੁਰ, ਗੁਰਬਿੰਦਰ ਸਿੰਘ ਗੁਰਦਾਸਪੁਰ ਸ਼ਾਮਿਲ ਹਨ। ਕੱਚੇ ਅਧਿਆਪਕਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਪਾਸੇ ਗਰੀਬਾਂ ਦਾ ਮਸੀਹਾਂ ਕਹਿ ਰਹੇ ਹਨ, ਦੂਜੇ ਪਾਸੇ ਪੰਜਾਬ ਦੇ ਨੌਜਵਾਨ ਲੜਕੀਆਂ ਲੜਕੇ ਹੱਕਾਂ ਲਈ ਟਾਵਰਾਂ ਉਤੇ ਆਪਣੀ ਜਾਨ ਦੀ ਬਾਜੀ ਲਗਾ ਰਹੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਹੀ ਚੰਡੀਗੜ੍ਹ ਵਿੱਚ ਵੀ ਇੱਕ ਅਧਿਆਪਕ ਟਾਵਰ ਤੇ ਚੜ੍ਹ ਗਿਆ ਸੀ ਜਿਸਤੋਂ ਬਾਅਦ ਮੁੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਸੀ ਕਿ ਟਾਵਰਾਂ ਤੇ ਚੜ੍ਹਨ ਵਾਲੇ ਮੁਲਾਜ਼ਮਾਂ ‘ਤੇ ਪਰਚੇ ਦਰਜ ਕੀਤੇ ਜਾਣਗੇ।






















