ਮੁੱਖ ਮੰਤਰੀ ਵੱਲੋਂ ਮੁਕਤਸਰ ਮੈਰਾਥਨ-2018 ਲਈ ਪੋਸਟਰ ਅਤੇ ਟੀ-ਸ਼ਰਟ ਰਲੀਜ਼

Advertisement

ਚੰਡੀਗੜ੍ਹ, 28 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਕਤਸਰ ਮੈਰਾਥਨ-2018 ਦੇ ਪਹਿਲੇ ਸੰਸਕਰਨ ਨੂੰ ਮਨਾਉਣ ਲਈ ਇੱਕ ਪੋਸਟਰ ਅਤੇ ਟੀ-ਸ਼ਰਟ ਰਲੀਜ਼ ਕੀਤੀ| ਦੌੜ ਦਾ ਇਹ ਇੱਕ ਵਿਸ਼ਾਲ ਸਮਾਰੋਹ 18 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਸ ਨੂੰ ਮਹਾਨ ਐਥਲੀਟ ਉਡਣੇ ਸਿੱਖ ਮਿਲਖਾ ਸਿੰਘ ਵੱਲੋਂ ਝੰਡੀ ਦਿਖਾਈ ਜਾਵੇਗੀ |

ਮੁੱਖ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਅਤੇ ਐਸ.ਐਸ.ਪੀ ਸੁਸ਼ੀਲ ਕੁਮਾਰ ਦੀ ਹਾਜ਼ਰੀ ਵਿੱਚ ਇਹ ਯਾਦਗਾਰੀ ਨਿਸ਼ਾਨੀਆਂ ਜਾਰੀ ਕੀਤੀਆਂ | ਇਹ ਮੈਰਾਥਨ ਇਸ ਖਿੱਤੇ ਵਿਚ ਮੈਰਾਥਨ ਦੌੜ ਨੂੰ ਮੁੜ ਪ੍ਰਭਾਸ਼ਿਤ ਕਰੇਗੀ |

ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਜਾ ਰਹੀ ਇਹ ਮੈਰਾਥਨ 18 ਮਾਰਚ ਨੂੰ ਸਵੇਰੇ 7.00 ਵਜੇ ਨਵੀਂ ਅਨਾਜ ਮੰਡੀ, ਗਿੱਦੜਬਾਹਾ ਤੋਂ ਸ਼ੁਰੂ ਹੋਵੇਗੀ ਅਤੇ ਇਹ ਸ਼ਹਿਰ ਦੇ ਨਾਲ ਲੱਗਦੇ ਚਾਰ ਪਿੰਡਾਂ ਦੇ ਆਲੇ-ਦੁਆਲੇ ਹਰੇ-ਭਰੇ ਇਲਾਕਿਆਂ ਵਿਚ ਦੀ ਹੁੰਦੀ ਹੋਈ ਫਿਰ ਇਸ ਸਥਾਨ ‘ਤੇ ਵਾਪਸ ਆ ਜਾਵੇਗੀ |

ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਮਾਰੋਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਥਲੀਟਾਂ ਦੇ ਹਿੱਸਾ ਲੈਣ ਲਈ ਦਰਵਾਜ਼ੇ ਖੋਲ੍ਹੇਗਾ ਅਤੇ ਇਸ ਤੋਂ ਇਲਾਵਾ ਇਹ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਣਨੀਤਕ ਭਾਈਵਾਲੀ ਨੂੰ ਰੂਪ ਦੇਵੇਗਾ |

ਇਸ ਸਮਾਰੋਹ ਵਿਚ ਤਿੰਨ ਸ਼੍ਰੇਣੀਆਂ ਵਿਚ 21 ਕਿਲੋਮੀਟਰ ਹਾਫ ਮੈਰਾਥਨ, 10 ਕਿਲੋਮੀਟਰ ਮੁਕਾਬਲੇਬਾਜ਼ੀ ਦੀ ਦੌੜ ਅਤੇ 5 ਕਿਲੋਮੀਟਰ ਸਿਹਤ/ਮਨੋਰੰਜਨ ਦੌੜ ਵਜੋਂ ਹੋਣਗੀਆਂ | ਇਸ ਵਿਚ ਨਗਦ ਇਨਾਮੀ ਰਾਸ਼ੀ 13 ਲੱਖ ਰੁਪਏ ਹੋਵੇਗੀ | ਇਸ ਦੌਰਾਨ ਪੰਜਾਬੀ ਗਾਇਕ ਗੁਰਦਾਸ ਮਾਨ ਦੁਆਰਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੋ ਕਿ ਖਿੱਚ ਦਾ ਮੁੱਖ ਕੇਂਦਰ ਹੋਵੇਗਾ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ ਅਤੇ ਡੀ.ਜੀ.ਪੀ ਸੁਰੇਸ਼ ਅਰੋੜਾ ਸ਼ਾਮਲ ਸਨ |