‘ਪਨੋਰਮਾ ਪੰਜਾਬ’ ਕੌਮਾਂਤਰੀ ਫੈਸਟੀਵਲ 3-4 ਮਾਰਚ ਨੂੰ ਪਟਿਆਲਾ ‘ਚ -ਨਵਜੋਤ ਸਿੱਧੂ

Advertisement


-ਦਰਜਨ ਮੁਲਕਾਂ ਸਮੇਤ 5 ਦੇਸ਼ਾਂ ਦੇ ਮਿਊਜੀਅਮਾਂ ਦੇ ਪ੍ਰਤੀਨਿਧੀ ਪੁੱਜਣਗੇ-ਸਾਰ੍ਹਾ ਸਿੰਘ
-‘ਭਾਰਤੀ ਕਲਾਤਮਿਕ ਹਸਤੀਆਂ ਸਮੇਤ ਕੌਮਾਂਤਰੀ ਸ਼ਖ਼ਸੀਅਤਾਂ ਲੈਣਗੀਆਂ ਹਿੱਸਾ’
-ਸੈਰ ਸਪਾਟਾ ਪੰਜਾਬ ਦੀ ਆਰਥਿਕਤਾ ਨੂੰ ਦੇਵੇਗਾ ਵੱਡਾ ਹੁਲਾਰਾ-ਸਿੱਧੂ
ਪਟਿਆਲਾ, 28 ਫਰਵਰੀ (ਵਿਸ਼ਵ ਵਾਰਤਾ)- ਸ਼ਾਹੀ ਸ਼ਹਿਰ ਪਟਿਆਲਾ ਦੇ ਵਿਰਾਸਤੀ ਤੇ ਕਿਲਾ ਮੁਬਾਰਕ ਵਿਖੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਦੌਰਾਨ ਕਰਵਾਏ ਗਏ ‘ਪਟਿਆਲਾ ਹੈਰੀਟੇਜ ਉਤਸਵ-2018’ ਦੀ ਸਫ਼ਲਤਾ ਨੂੰ ਵੇਖਦਿਆਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਆਰਗੇਨਾਈਜਰਾਂ ਵੱਲੋਂ ਕਿਲਾ ਮੁਬਾਰਕ ਦੀ ਵਿਰਾਸਤ ਨੂੰ ਵੇਖਦਿਆਂ ਇਥੇ ਆਪਣੇ ਉੱਚ ਪੱਧਰੀ ਸਮਾਰੋਹ ਕਰਨ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ।

ਇਸ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਕਿਲਾ ਮੁਬਾਰਕ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉੱਘੀ ਅਦਾਕਾਰਾ ਤੇ ਅਵਾਰਡ ਜੇਤੂ ਫ਼ਿਲਮ ਮੇਕਰ ਸਾਰ੍ਹਾ ਸਿੰਘ ਵੱਲੋਂ ਇਥੇ 3 ਤੇ 4 ਮਾਰਚ ਨੂੰ ਪਲੇਠਾ ਦੋ ਰੋਜਾ ਕੌਮਾਂਤਰੀ ਕਲਾ ਮੰਚ ‘ਪਨੋਰਮਾ ਪੰਜਾਬ’ ਦੇ ਨਾਮ ਹੇਠ (ਪੰਜਾਬ ਦੀ ਪਹਿਲੀ ਇੰਟਰਨੈਸ਼ਨਲ ਕੰਟੈਂਪਰੇਰੀ ਆਰਟਸ ਫੋਰਮ) ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਰਾਜਪੁਰਾ ਤੋਂ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਅਤੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।

ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਆਪਣੇ ਆਪ ‘ਚ ਇਸ ਨਿਵੇਕਲੇ ਦੋ ਦਿਨਾ ਆਲਮੀ ਕਲਾ ਮੰਚ ਦੌਰਾਨ 5 ਦੇਸ਼ਾਂ ਦੇ ਮਿਊਜੀਅਮਾਂ ਦੇ ਪ੍ਰਤੀਨਿਧੀਆਂ ਸਮੇਤ ਭਾਰਤੀ ਕਲਾਤਮਿਕ ਹਸਤੀਆਂ ਤੇ ਦਰਜਨ ਭਰ ਮੁਲਕਾਂ ਦੀਆਂ ਕੌਮਾਂਤਰੀ ਪ੍ਰਸਿੱਧੀ ਵਾਲੀਆਂ ਅਹਿਮ ਸ਼ਖ਼ਸੀਅਤਾਂ ਵੀ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਕਿਲਾ ਮੁਬਾਰਕ ‘ਚ ਪਿਛਲੇ 10 ਸਾਲਾਂ ਦੌਰਾਨ ਜਿੰਨੇ ਲੋਕਾਂ ਨੇ ਸ਼ਿਰਕਤ ਕੀਤੀ ਉਸ ਤੋਂ ਵੀ 10 ਗੁਣਾ ਜਿਆਦਾ ਪਿਛਲੇ 10 ਦਿਨਾਂ ‘ਚ ਲੋਕਾਂ ਨੇ ਇਥੇ ਵਿਰਾਸਤੀ ਉਤਸਵ ‘ਚ ਆ ਕੇ ਇਸ ਨੂੰ ਨਿਹਾਰਿਆ ਹੈ। ਇਸ ਲਈ ਉਨ੍ਹਾਂ ਹੁਣ ਪਟਿਆਲਾ ਦਾ ਇਹ ਵਿਰਾਸਤੀ ਕਿਲਾ ਮੁਬਾਰਕ ਕੌਮਾਂਤਰੀ ਪ੍ਰਸਿੱਧੀ ਹਾਸਲ ਕਰਕੇ ਸੈਰ ਸਪਾਟੇ ਦਾ ਵੱਡਾ ਕੇਂਦਰ ਬਣੇਗਾ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਆਈ.ਟੀ.ਬੀ. ਬਰਲਿਨ ਵਿਖੇ 7 ਤੋਂ 10 ਮਾਰਚ ਤੱਕ ਹੋਣ ਵਾਲੇ ਕੌਮਾਂਤਰੀ ਫੈਸਟੀਵਲ ‘ਚ ਜਾਣਗੇ ਤੇ ਕੌਮਾਂਤਰੀ ਟੂਰ ਆਪ੍ਰੇਟਰਜ ਨਾਲ ਸੰਪਰਕ ਕਰਕੇ ਪਟਿਆਲਾ ਹੈਰੀਟੇਜ ਫੈਸਟੀਵਲ ਨੂੰ ਅੰਤਰਰਾਸ਼ਟਰੀ ਕਲਚਰਲ ਕੈਲੰਡਰ ‘ਚ ਦਰਜ ਕਰਵਾਉਣਗੇ।

ਸ. ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਪ੍ਰਫੁਲਤ ਕਰਨ ਦੀ ਤਜਵੀਜ ਤਹਿਤ ਅੰਮ੍ਰਿਤਸਰ, ਕਪੂਰਥਲਾ ਅਤੇ ਬਠਿੰਡਾ ਵਿਖੇ ਵੀ ਵਿਰਾਸਤੀ ਉਤਸਵ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਚਾਰ ਸਾਲਾਂ ‘ਚ ਪੰਜਾਬ ਦਾ ਸੈਰ ਸਪਾਟਾ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਦੱਸਿਆ ਕਿ ਬਾਬਾ ਆਲਾ ਸਿੰਘ ਦੀ ਅਖੰਡ ਜੋਤ ਇਸ ਕਿਲੇ ਨੂੰ ਖੰਡਰ ਨਹੀਂ ਹੋਣ ਦੇਵੇਗੀ ਤੇ ਇਸਨੂੰ ਸੰਭਾਲਣ ਲਈ  ਉੱਘੇ ਮਾਹਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀਮਤੀ ਪਰਨੀਤ ਕੌਰ ਪੰਜਾਬ ਦੇ ਅਮੀਰ ਵਿਰਾਸਤ ਦੇ ਸਰਪ੍ਰਸਤ ਬਣਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਆਪਣੇ ਆਪ ‘ਚ ਇੱਕ ਬ੍ਰਾਂਡ ਹੈ ਤੇ ਇਸੇ ਸਦਕਾ ਸੈਰ ਸਪਾਟੇ ਰਾਹੀਂ ਰੋਜ਼ਗਾਰ ਤੇ ਆਰਥਿਕਤਾ ਨੂੰ ਬੜਾਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਮਹਾਰਾਜਾ ਸਰਕਟ ‘ਚ ਪਟਿਆਲਾ, ਕਪੂਰਥਲਾ ਤੇ ਜੀਂਦ (ਸੰਗਰੂਰ) ਸਮੇਤ ਅਧਿਆਤਮਿਕ ਸਰਕਟ ‘ਚ ਅੰਮ੍ਰਿਤਸਰ, ਚਮਕੌਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਨੂੰ ਜੋੜਿਆ ਜਾਵੇਗਾ।

ਉੱਘੀ ਅਦਾਕਾਰਾ ਤੇ ਅਵਾਰਡ ਜੇਤੂ ਫ਼ਿਲਮ ਮੇਕਰ ਸਾਰ੍ਹਾ ਸਿੰਘ ਨੇ ਦੱਸਿਆ ਕਿ ਇਸ ਕਲਾ ਮੰਚ ਦੌਰਾਨ ਉੱਘੇ ਭਾਰਤੀ ਫ਼ਿਲਮ ਨਿਰਦੇਸ਼ਕ ਸ੍ਰੀ ਸੁਧੀਰ ਮਿਸ਼ਰਾ ਜੋ ਕਿ 1968-69 ਦੌਰਾਨ ਪਟਿਆਲਾ ਰਹੇ ਸਮੇਤ ਉੱਘੇ ਭਾਰਤੀ ਫ਼ੈਸ਼ਨ ਡਿਜ਼ਾਇਨਰ ਜੇ.ਜੇ. ਵਲਾਇਆ, ਭਾਰਤੀ ਆਰਕੀਟੈਕਚਰ ਸੰਗ੍ਰਿਹਕ ਤੇ ਚਿੰਤਕ ਗੁਰਮੀਤ ਰਾਏ, ਹਾਰਪਰ ਕੋਲਿਨਜ ਸਾਬਕਾ ਪਬਲਿਸ਼ਿੰਗ ਮੁਖੀ ਤੇ ਹੁਣ  ਵੈਸਟਲੈਂਡ ਪਬਲੀਕੇਸ਼ਨ ਤੋਂ ਕਾਰਥਿਕ ਵੀ.ਕੇ., ਗਰੀਸ ਦੇ ਸਫ਼ਾਰਤੀ ਕੌਂਸਲ ਪੈਨੋਸ ਕਾਲੋਗਰਪੌਲੋਸ, ਕੈਨੇਡਾ ਦੇ ਕੌਂਸਲ ਜਨਰਲ ਕ੍ਰਿਸਟੋਫਰ ਗਿਬਨ, ਪੇਲਾ ਮਿਊਜੀਅਮ ਦੇ ਡਾਇਰੈਕਟਰ ਈਲਿਜ਼ਟ ਟੀਸੀਗਾਰਡੀਆ, ਕੈਨੇਡੀਅਨ ਸੈਂਟਰ ਫਾਰ ਆਰਕੀਟੈਕਚਰ ਦੇ ਡਾਇਰੈਕਟਰ ਕੁਲੈਕਸ਼ਨ ਮਾਰਟਿਨ ਡੀ ਵਿਲੇਟਰ, ਸੀਨੀਅਰ ਕਿਉਰੇਟਰ ਵਿਕਟੋਰੀਅਨ ਅਲਬਰਟ ਮਿਊਜੀਅਮ ਤੋਂ ਸਿਜਰ ਸਟਰੋਂਜ, ਮਿਊਜੀਅਮ ਕੋਪਨ ਹੇਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਿਜਾਇਨ ਮਿਰਜਨ ਗਿਲਫਰ, ਨਿਊਯਾਰਕ ਦੇ ਮਿਊਜੀਅਮ ਆਫ਼ ਮਾਡਰਨ ਆਰਟ ਦੇ ਐਸੋਸੀਏਟ ਕਿਊਰੇਟਰ ਸੀਨ ਐਂਡਰਸਨ ਸਮੇਤ ਕੌਮਾਂਤਰੀ ਪ੍ਰਸਿੱਧੀ ਵਾਲੇ ਫ਼ੈਸ਼ਨ ਰਸਾਲੇ ਵੋਗ ਦੇ ਐਡੀਟਰ ਤੇ ਉੱਘੇ ਪੱਤਰਕਾਰ ਜਿਲ ਸਪਾਡਿੰਗ ਸ਼ਮੂਲੀਅਤ ਕਰਨਗੇ।

’47 ਦੀ ਦੇਸ਼ ਵੰਡ ਅਤੇ ਮਰਹੂਮ ਅਦਾਕਾਰ ਓਮ ਪੁਰੀ ‘ਤੇ ਦੋ ਫ਼ਿਲਮਾਂ ਬਣਾ ਚੁੱਕੀ ਸਾਰ੍ਹਾ ਸਿੰਘ ਨੇ ਦੱਸਿਆ ਕਿ ਇਸ ਦਾ ਮਕਸਦ ਪੰਜਾਬੀਆਂ ਨੂੰ ਇਹ ਦੱਸਿਆ ਜਾਵੇ ਕਿ ਵਿਦੇਸ਼ਾਂ ‘ਚ ਆਪਣੀ ਸੱਭਿਅਤਾ, ਵਿਰਾਸਤ ਤੇ ਸੱਭਿਆਚਾਰ ਨੂੰ ਕਿਸ ਪ੍ਰਕਾਰ ਸੰਭਾਲਿਆ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਨੂੰ ਇਸ ਦੀ ਸਹੀ ਜਾਣਕਾਰੀ ਮਿਲ ਸਕੇ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ. ਸਿੱਧੂ ਦੇ ਸਲਾਹਕਾਰ ਸ. ਅੰਗਦ ਸਿੰਘ ਸੋਹੀ, ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ, ਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਪਟਿਆਲਾ ਖੇਤਰ ਸ੍ਰੀਮਤੀ ਜੀਵਨਜੋਤ ਕੌਰ ਤੇ ਹੋਰ ਮੌਜੂਦ ਸਨ।