ਮਾਮਲਾ ਲੁਧਿਆਣੇ ਦੇ DC ਦੀ ਬਦਲੀ ਦਾ

ਚੰਡੀਗੜ੍ਹ 17 ਨਵੰਬਰ ( ਵਿਸ਼ਵ ਵਾਰਤਾ )-:- ਪੰਜਾਬ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੇ ਤਬਾਦਲੇ ਦੀ ਭੇਜੀ ਤਜਵੀਜ਼ ਭਾਰਤੀ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਡੀ ਸੀ ਦੇ ਤਬਾਦਲੇ ਅਤੇ ਉਸ ਦੀ ਥਾਂ ਇੱਕ ਹੋਰ ਆਈ ਏ ਐਸ ਅਫ਼ਸਰ ਨੂੰ ਲਾਏ ਜਾਣ ਦੀ ਤਜਵੀਜ਼ ਨੂੰ ਨਾਮਨਜ਼ੂਰ ਕਰਕੇ ਵਾਪਸ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ ।
ਦੱਸਣਯੋਗ ਹੈ ਕਿ ਕਿ ਪੰਜਾਬ ਸਰਕਾਰ ਨੇ ਪਿਛਲੇ ਹਫ਼ਤੇ ਲੁਧਿਆਣਾ ਦੇ DC ਦੇ ਤਬਾਦਲੇ ਦੀ ਇਸ ਲਈ ਇਜਾਜ਼ਤ ਮੰਗੀ ਸੀ ਕਿਉਂਕਿ . ਡੀ ਸੀ ਦੇ ਜ਼ਿਲ੍ਹਾ ਚੋਣ ਅਫ਼ਸਰ ਹੋਣ ਕਾਰਨ ਅਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਪ੍ਰੋਸੈੱਸ ਕਰ ਕੇ ਕਮਿਸ਼ਨ ਦੀ ਪ੍ਰਵਾਨਗੀ ਲਾਜ਼ਮੀ ਸੀ ।
ਉਧਰ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਸੀ ਕਿ ਡਿਪਟੀ ਕਮਿਸ਼ਨਰ ਦੀ ਬਦਲੀ ਲੁਧਿਆਣਾ ਦੇ ਮੰਤਰੀ ਵੱਲੋਂ ਇਸ ਲਈ ਕਰਵਾਈ ਜਾ ਰਹੀ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਇੰਪਰੂਵਮੈਂਟ ਟਰੱਸਟ ਲੁਧਿਆਣਾ ਦੀ ਕਰੋੜਾਂ ਰੁਪਏ ਦੀ ਵੇਚੀ ਜਾ ਰਹੀ ਜ਼ਮੀਨ ਦੇ ਟੈਂਡਰ ਤੇ ਉਂਗਲੀ ਉਠਾਈ ਸੀ । ਆਮ ਆਦਮੀ ਪਾਰਟੀ ਨੇ ਇਹ ਵੀ ਦੋਸ਼ ਲਾਇਆ ਸੀ ਕਿ ਲੈਂਡ ਮਾਫੀਆ ਨੂੰ ਫ਼ਾਇਦੇ ਦੀ ਥਾਂ ਘਾਟਾ ਹੁੰਦਾ ਦੇਖ ਕੇ ਮੰਤਰੀ ਸਾਬ੍ਹ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਾਉਣ ਲਈ ਉਤਾਵਲੇ ਸਨ ਜਿਸ ਕਾਰਨ ਵਿਰੋਧੀ ਧਿਰ ਵਿਰੋਧ ਕਰ ਰਹੀ ਸੀ ।
ਸੂਤਰ ਦੱਸਦੇ ਹਨ ਕਿ ਮੰਤਰੀ ਸਾਹਿਬ ਨੇ ਇੱਕ ਅਜਿਹੇ ਆਈਏਐਸ ਅਧਿਕਾਰੀ ਨੂੰ ਡੀਸੀ ਲਾਉਣ ਦੀ ਸਿਫ਼ਾਰਸ਼ ਕੀਤੀ ਸੀ ,ਜਿਸ ਤੇ ਪਹਿਲਾਂ ਹੀ ਉਸ ਸਮੇਂ ਗੰਭੀਰ ਦੋਸ਼ ਲੱਗੇ ਸਨ। ਜਦੋਂ ਉਹ ਉਦਯੋਗ ਵਿਭਾਗ ਨਾਲ ਸਬੰਧਤ ਵੱਡੇ ਅਧਿਕਾਰੀ ਸਨ ਤੇ ਕੱਚੇ ਲੋਹੇ ਦੇ ਭੰਡਾਰ ਦੀ ਖ਼ਰੀਦੋ ਫ਼ਰੋਖ਼ਤ ਕਰਨ ਦੇ ਘਪਲੇ ਚ ਮੀਡੀਆ ਦੀਆਂ ਸੁਰਖੀਆਂ ਬਣੇ ਰਹੇ ।”





















