ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਪਹਿਲੀ ਵਾਰ ਹੋਵੇਗੀ ਲੁਧਿਆਣਾ ’ਚ
ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਹੋਵੇਗੀ ਇਹ ਬੈਠਕ
ਦੇਖੋ,ਕਿਹੜੇ ਮੁੱਦਿਆਂ ਤੇ ਹੋਵੇਗੀ ਵਿਚਾਰ-ਚਰਚਾ ਤੇ ਕਿਹਨਾਂ ਫੈਸਲਿਆਂ ਤੇ ਲੱਗ ਸਕਦੀ ਹੈ ਮੋਹਰ
ਚੰਡੀਗੜ੍ਹ,27 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਸਵਾ 9 ਵਜੇ ਹੋਵੇਗੀ। ਪਹਿਲੀ ਵਾਰ ਲੁਧਿਆਣਾ ਵਿਖੇ ਹੋਣ ਵਾਲੀ ਇਸ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ। ਇਸ ਮੀਟਿੰਗ ਦਾ ਕੋਈ ਅਗਾਊਂ ਏਜੰਡਾ ਤੈਅ ਨਹੀਂ ਕੀਤਾ ਗਿਆ ਹੈ ਪਰ,ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿੱਚ ਉਦਯੋਗਿਕ ਮਸਲਿਆਂ ਨੂੰ ਲੈ ਕੇ ਕਈ ਅਹਿਮ ਫੈਸਲੇ ਕੀਤੇ ਜਾ ਸਕਦੇ ਹਨ। ਜਿਸ ਦਾ ਐਲਾਨ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਤੇ ਆਖਿਰੀ ਦਿਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਬੀਐਸਐਫ ਦੀ ਮਿਆਦ ਵਧਾਉਣ ਦੇ ਮੁੱਦੇ ਅਤੇ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਦੇ ਬਾਰੇ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਤਰੀਕ ਤੇ ਵੀ ਮੋਹਰ ਲੱਗ ਸਕਦੀ ਹੈ। ਇਸ ਤੋਂ ਇਲਾਵਾ ਆਏ ਦਿਨ ਧਰਨਿਆਂ ਦਾ ਹਿੱਸਾ ਬਣ ਰਹੇ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਵੀ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ।























