ਵਿਵਾਦ ਨਹੀਂ ਛੱਡ ਰਹੇ ਪੰਜਾਬੀ ਗਾਇਕਾਂ ਦਾ ਪਿੱਛਾ
ਦੇਖੋ,ਕਿਹੜੇ ਕਲਾਕਾਰ ਨੂੰ ਕਿਸਾਨਾਂ ਤੋਂ ਬਾਅਦ ਹੁਣ ਮੁਸਲਮਾਨ ਭਾਈਚਾਰੇ ਦੇ ਵਿਰੋਧ ਦਾ ਕਰਨਾ ਪੈ ਰਿਹਾ ਹੈ ਸਾਹਮਣਾ
ਪੜ੍ਹੋ,ਕੀ ਹੈ ਪੂਰਾ ਮਾਮਲਾ

ਲੁਧਿਆਣਾ,3 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਪ੍ਰਸਿੱਧ ਗਾਇਕ ਐਮੀ ਵਿਰਕ ਤੇ ਮੁਸਲਿਮ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਆਰੋਪ ਲੱਗਾ ਹੈ। ਇਤਿਹਾਸਿਕ ਜਾਮਾ ਮਸਜਿਦ ਤੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਨਾਮ ਰਹਿਮਾਨੀ ਲੁਧਿਆਣਵੀ ਨੇ ਪੰਜਾਬੀ ਗਾਇਕ ਐਮੀ ਵਿਰਕ ਦੁਆਰਾ ਆਪਣੇ ਇਕ ਗੀਤ ’ਚ ਰਸੂਲ ਸ਼ਬਦ ਦੀ ਬੇਅਦਬੀ ਕਰਨ ਦੀ ਸਖਤ ਸ਼ਬਦਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਐਮੀ ਵਿਰਕ ਖਿਲਾਫ ਮੁਕੱਦਮਾ ਦਰਜ ਕਰਕੇ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਇਸਤੋਂ ਪਹਿਲਾਂ ਐਮੀ ਵਿਰਕ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਬਾਲੀਵੁੱਡ ਫਿਲਮ ਵਿੱਚ ਕੰਮ ਕਰਨ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ। ਪੰਜਾਬੀ ਗਾਇਕ ਗੁਰਦਾਸ ਮਾਨ ਦੇ ਖਿਲਾਫ ਵੀ ਨਕੋਦਰ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਵਿਵਾਦ ਚੱਲ ਰਿਹਾ ਹੈ।

ਨਾਇਬ ਸਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ’ਚ ਅੱਲਾਹ ਦੀ ਤਾਰੀਫ ਨਾਲ ਆਖਰੀ ਰਸੂਲ ਹਜ਼ਰਤ ਮੁਹੰਮਦ ਸਲੱਲਾਹੁ ਅਲੈਹੀ ਵਸਲਮ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਗਿਆ ਹੈ। ਉਹ ਅੱਲਾਹ ਦੇ ਆਖਰੀ ਰਸੂਲ ਹਨ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ’ਚ ਜਦੋਂ ਕਿਤੇ ਵੀ ਰਸੂਲ ਦਾ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉਸ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਹਜ਼ਰਤ ਮੁਹੰਮਦ ਰਸੁਲਾਹ ਦਾ ਫਰਮਾਨ ਹੈ।ਨਾਇਬ ਸ਼ਾਹੀ ਇਮਾਮ ਨੇ ਇਹ ਵੀ ਦੱਸਿਆ ਕਿ ਇਸ ਵਿਸ਼ੇ ’ਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਈ-ਮੇਲ ਦੁਆਰਾ ਭਜ ਦਿੱਤਾ ਗਿੱਆ ਹੈ।






















