ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਚ ਮੌਸਮ ਨੇ ਬਦਲਿਆ ਮਿਜਾਜ਼
ਬਾਰਿਸ਼ ਨੇ ਲੋਕਾਂ ਨੂੰ ਦਿੱਤੀ ਗਰਮੀ ਤੋਂ ਰਾਹਤ
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ, 31ਅਗਸਤ(ਵਿਸ਼ਵ ਵਾਰਤਾ)-ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਬਹੁਤ ਸਾਰੇ ਰਾਜਾਂ ਵਿੱਚ ਅੱਜ ਮੰਗਲਵਾਰ ਨੂੰ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਰਾਜਧਾਨੀ ਵਿੱਚ ਪਏ ਮੀਂਹ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਮਿਲ ਗਈ ਹੈ। ਇਸ ਦੇ ਨਾਲ ਹੀ ਭਾਰੀ ਬਾਰਿਸ਼ ਕਾਰਨ ਸੜਕਾਂ ਤੇ ਟ੍ਰੈਫ਼ਿਕ ਜਾਮ ਵੀ ਲੱਗ ਗਿਆ ਹੈ। ਮੌਸਮ ਵਿਭਾਗ ਵੱਲੋਂ ਰਾਸ਼ਟਰੀ ਰਾਜਧਾਨੀ ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਅੱਜ 31 ਅਗਸਤ ਨੂੰ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ।

ਮੌਸਮ ਵਿਭਾਗ ਵੱਲੋਂ ਇਸ ਸਬੰਧੀ ਆਰੇਂਜ ਅਲਰਟ ਕੀਤਾ ਗਿਆ ਹੈ। ਦਿੱਲੀ ਵਿੱਚ ਹੋਈ ਭਾਰੀ ਬਾਰਿਸ਼ ਕਰਨ ਕਈ ਥਾਵਾਂ ਤੇ ਪਾਣੀ ਵੀ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੁੰਬਈ ਵਿੱਚ ਵੀ ਭਾਰੀ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਬਾਰਿਸ਼ ਕਾਰਨ ਦਿੱਲੀ ਤੇ ਮੁੰਬਈ ਦੀਆਂ ਸੜਕਾਂ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਈਆਂ ਹਨ। ਗੌਰਤਲਬ ਹੈ ਕਿ ਮੌਸਮ ਵਿਭਾਗ ਵੱਲੋਂ ਇਸ ਤੋਂ ਇਲਾਵਾ ਦੇਸ਼ ਦੇ ਦੱਖਣੀ, ਪੱਛਮੀ, ਪੂਰਬੀ ਤੇ ਉੱਤਰੀ ਹਿੱਸੇ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।






















