ਅਮਰੀਕੀ ਫੌਜਾਂ ਦੇ ਜਾਣ ਨਾਲ ਤਾਲਿਬਾਨ ਫਿਰ ਹੋਇਆ ਸਰਗਰਮ
ਕੰਧਾਰ ਹਵਾਈ ਅੱਡੇ ਤੇ ਅੱਤਵਾਦੀਆਂ ਨੇ ਕੀਤਾ ਰਾਕੇਟਾਂ ਨਾਲ ਹਮਲਾ
ਸਾਰੀਆਂ ਹਵਾਈ ਸੇਵਾਵਾਂ ਠੱਪ
ਚੰਡੀਗੜ੍ਹ, 1ਅਗਸਤ (ਵਿਸ਼ਵ ਵਾਰਤਾ) ਅਫ਼ਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ ਤੇ ਅੱਤਵਾਦੀਆਂ ਨੇ ਰਾਕੇਟ ਦਾਗੇ ਹਨ। ਅਫ਼ਗ਼ਾਨਿਸਤਾਨ ਦੀ ਨਿਊਜ਼ ਏਜੰਸੀ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਨਿਊਜ਼ ਏਜੇਂਸੀ ਨੇ ਹਵਾਈ ਅੱਡੇ ਦੇ ਮੁਖੀ ਮਸੂਦ ਪਸ਼ਤੂਨ ਦੇ ਹਵਾਲੇ ਨਾਲ ਦੱਸਿਆ ਕਿ ਹਵਾਈ ਅੱਡੇ ‘ਤੇ ਲਗਾਤਾਰ ਤਿੰਨ ਰਾਕੇਟ ਦਾਗੇ ਗਏ, ਜਿਨ੍ਹਾਂ ਵਿੱਚੋਂ ਦੋ ਰਾਕੇਟ ਰਨਵੇ ਨਾਲ ਟਕਰਾ ਗਏ । ਜਿਸ ਦੇ ਮੱਦੇਨਜ਼ਰ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦਰਅਸਲ, ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਤਾਲਿਬਾਨ ਦੇ ਲੜਾਕਿਆਂ ਨੇ ਹੇਰਾਤ, ਲਸ਼ਕਰ ਗਾਹ ਅਤੇ ਕੰਧਾਰ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ ਹੈ। ਸਤੰਬਰ ਤੱਕ ਵਿਦੇਸ਼ੀ ਫ਼ੌਜਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਤਾਲਿਬਾਨ ਨੇ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਜ਼ਬਰਦਸਤ ਬੜ੍ਹਤ ਹਾਸਿਲ ਕੀਤੀ ਹੈ।

ਦੱਸ ਦੇਈਏ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ ਵੱਡੇ ਹਿੱਸਿਆਂ ‘ਤੇ ਕਬਜ਼ਾ ਕਰਨ ਦੀ ਆਪਣੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਉਸਨੂੰ ਇੱਕ ਨਵਾਂ ਮੋੜ ਦਿੱਤਾ ਹੈ। ਗੌਰਤਲਬ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਫਗਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕਿਆਂ ਵਿਚਾਲੇ ਜੰਗ ਜਾਰੀ ਹੈ।























