ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ ਆਈਸੋਲੇਸ਼ਨ ਸੈਂਟਰ ਵਿਚ ਬਣੇ ਆਕਸੀਜਨ ਪਲਾਂਟ ਦਾ ਉਦਘਾਟਨ
ਕੋਵਿਡ ਦੇ ਦੌਰ ਵਿਚ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੇ ਯੋਗਦਾਨ ਦੀ ਸ਼ਲਾਘਾ

ਕਪੂਰਥਲਾ, 31 ਜੁਲਾਈ(ਵਿਸ਼ਵ ਵਾਰਤਾ) ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਆਈਸੋਲੇਸ਼ਨ ਵਾਰਡ ਵਿਖੇ ਸਥਾਪਿਤ ਕੀਤੇ ਗਏ 1000 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਵਾਲੇ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਹ ਪਲਾਂਟ ਪ੍ਰੈਸ਼ਰ ਸਵਿੰਗ ਅਬਸਾਰਪਸ਼ਨ ਤਕਨੀਕ ’ਤੇ ਅਧਾਰਿਤ ਹੈ, ਜੋ ਕਿ ਹਵਾ ਵਿਚੋਂ ਆਕਸੀਜਨ ਲੈ ਕੇ ਉਸ਼ਨੂੰ ਮੈਡੀਕਲ ਤੌਰ ’ਤੇ ਵਰਤਣ ਲਈ ਸਪਲਾਈ ਕਰਦਾ ਹੈ।
ਇਸ ਪਲਾਂਟ ਦੇ ਲੱਗਣ ਨਾਲ ਕਪੂਰਥਲਾ ਵਿਚ ਆਕਸੀਜਨ ਦੀ ਕਮੀ ਬਿਲਕੁਲ ਦੂਰ ਹੋ ਜਾਵੇਗੀ ਕਿਉਂਕਿ ਇਸ ਪਲਾਂਚ ਤੋਂ ਆਈਸੋਲੇਸ਼ਨ ਵਾਰਡ ਵਿਚ 105 ਬੈਡਾਂ ਨੂੰ ਸਿੱਧੀ ਸਪਲਾਈ ਕੀਤੀ ਜਾਵੇਗੀ। ਤੀਜੀ ਕੋਵਿਡ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਆਈਸੋਲੇਸ਼ਨ ਵਾਰਡ ਵਿਖੇ ਬੱਚਿਆਂ ਲਈ 20 ਬੈਡ ਰਾਖਵੇਂ ਰੱਖੇ ਗਏ ਹਨ।
ਰਾਣਾ ਗੁਰਜੀਤ ਸਿੰਘ ਵਲੋਂ ਆਕਸੀਜਨ ਪਲਾਂਟ ਉਦਘਾਟਨ ਮੇਅਰ ਕੁਲਵੰਤ ਕੌਰ ਕੋਲੋਂ ਕਰਵਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਆਦਿਤਿਆ ਉੱਪਲ ਵੀ ਨਾਲ ਸਨ।
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਸ ਮੌਕੇ ਸੰਬਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਜਿਲ੍ਹਾ ਹਸਪਤਾਲਾਂ ਵਿਖੇ ਆਕਸੀਜਨ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਆਕਸੀਜਨ ਦੀ ਕਮੀ ਕਾਰਨ ਕੋਵਿਡ ਵਿਰੁੱਧ ਲੜਾਈ ਵਿਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕੋਵਿਡ ਦੀ ਪਹਿਲੀ ਤੇ ਦੂਜੀ ਲਹਿਰ ਦੌਰਾਨ ਸਿਹਤ ਵਿਭਾਗ ਦੇ ਡਾਕਟਰਾਂ ਵਲੋਂ ਨਿਭਾਈ ਭੂਮਿਕਾ ਨੂੰ ਲਾਮਿਸਾਲ ਦੱਸਿਆ। ਉਨਾਂ ਇਹ ਵੀ ਵਿਸ਼ਵਾਸ ਦੁਆਇਆ ਕਿ ਭਵਿੱਖ ਵਿਚ ਵੀ ਸਿਹਤ ਵਿਭਾਗ ਨੂੰ ਉਹ ਪਹਿਲੀ ਤੇ ਦੂਜੀ ਲਹਿਰ ਵਾਂਗ ਸਹਿਯੋਗ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਅਤੇ ਜਿਲੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ।
ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਨਾਲ ਨਿਰਵਿਘਨ ਆਕਸੀਜਨ ਸਪਲਾਈ ਹੋਏਗੀ। ਉਨਾਂ ਨਵੇਂ ਲੱਗੇ ਪ੍ਰੈਸ਼ਰ ਸਵਿੰਗ ਅਬਸਾਰਪਸ਼ਨ ਆਕਸੀਜਨ ਪਲਾਂਟ ਨੂੰ ਮਰੀਜਾਂ ਲਈ ਵਰਦਾਨ ਦੱਸਿਆ।
ਨਗਰ ਨਿਗਮ ਕੋਲ ਬਣੇਗਾ ਲੈਂਡ ਬੈਂਕ-
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਜਲਦ ਹੀ ਨਗਰ ਨਿਗਮ ਕੋਲ ਲੈਂਡ ਬੈਂਕ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਵਿਕਾਸ ਪ੍ਰਾਜੈਕਟਾਂ ਤੇ ਲੋਕ ਭਲਾਈ ਦੇ ਕੰਮਾਂ ਲਈ ਲੋੜ ਹੋਣ ’ਤੇ ਜ਼ਮੀਨ ਦਾ ਤੁਰੰਤ ਪ੍ਰਬੰਧ ਕੀਤਾ ਜਾ ਸਕੇ।
ਸਮਾਗਮ ਦੌਰਾਨ ਸੁਖਜੀਤ ਸਟਾਰਚ ਇੰਡਸਟਰੀ ਦੇ ਪ੍ਰਤੀਨਿਧੀ ਸ੍ਰੀ ਭਵਦੀਪ ਸਰਦਾਨਾ ਦਾ ਪਲਾਂਟ ਦੀ ਸਥਾਪਨਾ ਵਿਚ ਯੋਗਦਾਨ ਲਈ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਕਾਂਗਰਸੀ ਆਗੂ ਅਮਰਜੀਤ ਸਿੰਘ ਸੈਦੋਵਾਲ, ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ ,ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ , ਸੁਖਪਾਲ ਸਿੰਘ ਜੀ.ਐਮ. ਜਿਲ੍ਹਾ ਉਦਯੋਗ ਕੇਂਦਰ, ਸਹਾਇਕ ਸਿਵਲ ਸਰਜਨ ਡਾ.ਅਨੂ ਸ਼ਰਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਾਰਿਕਾ ਦੁੱਗਲ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ, ਡਾ.ਸੰਦੀਪ ਭੋਲਾ, ਐਸ.ਡੀ.ਓ.ਰਾਜਪਾਲ ਸਿੰਘ,ਬੀ.ਈ.ਈ.ਰਵਿੰਦਰ ਜੱਸਲ, ਜਿਲਾ ਬੀ.ਸੀ.ਸੀ.ਕੋਆਰਡੀਨੇਟਰ ਜੋਤੀ ਆਨੰਦ ਹਾਜ਼ਰ ਸਨ।
ਕੈਪਸ਼ਨ-ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਖੇ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ। ਨਾਲ ਮੇਅਰ ਕੁਲਵੰਤ ਕੌਰ ਤੇ ਵਧੀਕ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਵੀ ਦਿਖਾਈ ਦੇ ਰਹੇ ਹਨ।
ਕੈਪਸ਼ਨ- ਉਦਯੋਗਪਤੀ ਭਵਦੀਪ ਸਰਦਾਨਾ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ, ਮੇਅਰ ਕੁਲਵੰਤ ਕੌਰ ਤੇ ਹੋਰ।






















