ਦੇਸ਼ ਦੀ ਸਭ ਤੋਂ ਬਜ਼ੁਰਗ ਅਥਲੀਟ ਮਾਨ ਕੌਰ ਨੂੰ ਖਰਾਬ ਸਿਹਤ ਦੇ ਚਲਦੇ ਕਰਵਾਇਆ ਗਿਆ ਹਸਪਤਾਲ ਵਿੱਚ ਭਰਤੀ

ਚੰਡੀਗੜ੍ਹ, 9ਜੁਲਾਈ(ਵਿਸ਼ਵ ਵਾਰਤਾ)- ਦੇਸ਼ ਦੀ ਸਭ ਤੋਂ ਬਜ਼ੁਰਗ ਅਥਲੀਟ ਅਤੇ ਮਿਰੇਕਲ ਆਫ ਚੰਡੀਗੜ੍ਹ ਦੇ ਨਾਮ ਨਾਲ ਮਸ਼ਹੂਰ ਅੰਤਰਰਾਸ਼ਟਰੀ ਵੈਟਰਨ ਅਥਲੀਟ ਮਾਨ ਕੌਰ (105) ਨੂੰ ਡੇਰਾਬਾਸੀ ਦੇ ਦੇਵੀ ਨਗਰ ਵਿੱਚ ਸਥਿਤ ਸ਼ੁੱਧੀ ਆਯੁਰਵੈਦਿਕ ਪੰਚਕਰਮਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਨ ਕੌਰ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਵਿਗੜ ਰਹੀ ਹੈ। ਉਸ ਦਾ 82 ਸਾਲਾ ਬੇਟਾ ਗੁਰਦੇਵ ਸਿੰਘ, ਜੋ ਕਿ ਅਥਲੀਟ ਹੈ, ਉਸ ਦੇ ਇਲਾਜ ਵਿਚ ਜੁਟਿਆ ਹੋਇਆ ਹੈ। ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਉਸਦੀ ਮਾਂ ਕੇਵਲ ਲਿਕੂੁਅਡ ਡਾਇਟ (ਤਰਲ ਖੁਰਾਕ)ਹੀ ਲੈ ਰਹੀ ਹੈ। ਵਿਸ਼ਵ ਰਿਕਾਰਡ ਹੋਲਡਰ 105 ਸਾਲਾ ਮਾਨ ਕੌਰ ਗਾਲ ਬਲੈਡਰ ਦੇ ਕੈਂਸਰ ਨਾਲ ਲੜ ਰਹੀ ਹੈ ਅਤੇ ਖਾਣ-ਪੀਣ ਵਿਚ ਅਸਮਰਥ ਹੈ। ਜਿਸ ਕਾਰਨ ਉਸਦੇ ਸਰੀਰ ਵਿੱਚ ਕਮਜ਼ੋਰੀ ਵੱਧ ਰਹੀ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਉਹ 1 ਜੁਲਾਈ ਤੋਂ ਕੁਝ ਖਾਣ ਦੇ ਯੋਗ ਨਹੀਂ ਹੈ, ਸਰੀਰ ਵਿਚ ਬਹੁਤ ਕਮਜ਼ੋਰੀ ਹੈ ਕਿਉਂਕਿ ਜਬਰੀ ਵੀ ਕੁਝ ਨਹੀਂ ਖੁਆਇਆ ਜਾ ਸਕਦਾ।
ਡਾਕਟਰਾਂ ਦਾ ਕਹਿਣਾ ਹੈ ਕਿ ਮਾਨ ਕੌਰ ਠੀਕ ਹੋ ਜਾਵੇਗੀ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।






















