ਇਤਿਹਾਸਕ ਕਿਸਾਨ ਅੰਦੋਲਨ
ਕਿਸਾਨਾਂ ਦੇ ਅੰਦੋਲਨ ਦੇ 7ਮਹੀਨੇ ਹੋਏ ਪੂਰੇ
ਅੱਜ ਦੇਸ਼ ਭਰ ਵਿੱਚ ਕਿਸਾਨ ਰਾਜ ਭਵਨਾਂ ਅੱਗੇ ਕਰਨਗੇ ਪ੍ਰਦਰਸ਼ਨ
ਕਿਸਾਨ ਪੂਰੇ ਦੇਸ਼ ਵਿੱਚ ਮਨਾਉਣਗੇ ‘ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ’ ਦਿਵਸ
ਨਵੀਂ ਦਿੱਲੀ,26ਜੂਨ (ਵਿਸ਼ਵ ਵਾਰਤਾ) ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ 3 ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਹਿਲਾਂ ਅੱਤ ਦੀ ਸਰਦੀ,ਧੁੰਦ, ਮੀਂਹ ਹਨ੍ਹੇਰੀ ਵਿਚ ਕਿਸਾਨ ਦਿੱਲੀ ਸਰਹੱਦਾਂ ‘ਤੇ ਖੜ੍ਹੇ ਰਹੇ, ਹੁਣ ਤੇਜ਼ ਧੁੱਪ ਵਿਚ ਵੀ ਉਹ ਪੂਰੇ ਜੋਸ਼ ਨਾਲ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ।

ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਵਿਰੁੱਧ ਕਿਸਾਨ ਜੱਥੇਬੰਦੀਆਂ ਵਿਚ ਰੋਸ ਵਧਦਾ ਜਾ ਰਿਹਾ ਹੈ। ਕਿਸਾਨ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ‘ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ’ ਦਿਵਸ ਮਨਾਉਣਗੇ। ਉਨ੍ਹਾਂ ਦੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਕਿਸਾਨ ਦੇਸ਼ ਦੇ ਸਾਰੇ ਰਾਜਾਂ ਦੇ ਰਾਜ ਭਵਨਾਂ ਵਿਖੇ ਧਰਨਾ-ਪ੍ਰਦਰਸ਼ਨ ਕਰਨਗੇ। ਇਸਦੇ ਨਾਲ ਹੀ ਰਾਜਪਾਲ ਦੁਆਰਾ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਕੁੰਡਲੀ ਬਾਰਡਰ ਸਮੇਤ ਹੋਰ ਪਿਕਟਿੰਗ ਸਾਈਟਾਂ ਤੋਂ 32 ਕਿਸਾਨ ਸੰਗਠਨ ਚੰਡੀਗੜ੍ਹ ਰਾਜ ਭਵਨ ਪਹੁੰਚਣਗੇ ਅਤੇ ਉਥੇ ਹਰਿਆਣਾ-ਪੰਜਾਬ ਦੇ ਕਿਸਾਨ ਵੱਖਰੇ ਮੈਮੋਰੰਡਮ ਦੇਣਗੇ। ਕਿਸਾਨ ਖੇਤੀਬਾੜੀ ਐਕਟ ਨੂੰ ਰੱਦ ਕਰਨ ਦੀ ਮੰਗ ਲਈ ਪਿਛਲੇ ਸੱਤ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨ ਸ਼ਨੀਵਾਰ ਨੂੰ ‘ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ’ ਦਿਵਸ ਮਨਾਉਣਗੇ।ਸੰਯੁਕਤ ਕਿਸਾਨ ਮੋਰਚੇ ਨੇ ਸ਼ਾਂਤਮਈ ਵਿਰੋਧ ਦੀ ਗੱਲ ਕੀਤੀ ਹੈ।ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਬਲਬੀਰ ਸਿੰਘ ਰਾਜੇਵਾਲ, ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ, ਗੁਰਨਾਮ ਸਿੰਘ ਚੜੂਨੀ, ਯੋਗੇਂਦਰ ਯਾਦਵ, ਯੁੱਧਵੀਰ ਸਿੰਘ ਨੇ ਦੱਸਿਆ ਕਿ ਇਹ ਦਿਨ ਐਮਰਜੈਂਸੀ ਦੇ 46 ਸਾਲ ਪੂਰੇ ਹੋਣ ਤੇ ਇਹ ਮਨਾਇਆ ਜਾ ਰਿਹਾ ਹੈ। ਕਿਉਂਕਿ ਉਦੋਂ ਨਾਗਰਿਕਾਂ ਦੇ ਜਮਹੂਰੀ ਅਧਿਕਾਰਾਂ ‘ਤੇ ਕਟੌਤੀ ਕੀਤੀ ਗਈ ਸੀ ਅਤੇ ਇਸ ਵਾਰ ਵੀ ਉਹੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।























