ਕਾਂਗਰਸੀ ਕਲੇਸ਼ ਨੂੰ ਲੈ ਕੇ ਹਾਈ ਕਮਾਂਡ ਹੋਈ ਮੁੜ ਸਰਗਰਮ
ਤਿੰਨ ਮੈਂਬਰੀ ਕਮੇਟੀ ਨੂੰ ਰਾਹੁਲ ਗਾਂਧੀ ਨੇ ਬੁਲਾਇਆ,ਕਰ ਰਹੇ ਹਨ ਪੰਜਾਬ ਬਾਰੇ ਵਿਚਾਰਾਂ
ਛੇਤੀ ਹੀ ਕੋਈ ਫਾਰਮੂਲਾ ਆਉਣ ਦੀ ਹੈ ਸੰਭਾਵਨਾ-ਸੂਤਰ
ਚੰਡੀਗੜ੍ਹ, 13 ਜੂਨ(ਵਿਸ਼ਵ ਵਾਰਤਾ)- ਪੰਜਾਬ ਵਿੱਚ ਚੱਲ ਰਹੇ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਮੁੜ ਸਰਗਰਮ ਹੋ ਗਈ ਹੈ। ਵਿਸ਼ਵ ਵਾਰਤਾ ਨੂੰ ਮਿਲੀ ਜਾਣਕਾਰੀ ਅਨੁਸਾਰ ਇਸ ਕਾਟੋ-ਕਲੇਸ਼ ਨੂੰ ਖ਼ਤਮ ਕਰਨ ਲਈ ਅਤੇ ਸਭ ਦੇ ਵਿਚਾਰ ਜਾਨਣ ਲਈ ਕਾਂਗਰਸ ਦੇ ਸੀਨੀਅਰ ਲੀਡਰ ਮਲਿਕਅਰਜੁਨ ਖੜਗੇ ਦਾ ਅਗਵਾਈ ਹੇਠ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਜੇ.ਪੀ ਅਗਰਵਾਲ ਸ਼ਾਮਲ ਸਨ, ਨੂੰ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿਖੇ ਪੰਜਾਬ ਬਾਰੇ ਕੋਈ ਨਵਾਂ ਫਾਰਮੂਲਾ ਲੱਭਣ ਬਾਰੇ ਮੀਟਿੰਗ ਲਈ ਬੁਲਾਇਆ ਹੈ।
ਜਾਣਕਾਰੀ ਅਨੁਸਾਰ ਇਹ ਮੀਟਿੰਗ ਇਸ ਸਮੇਂ ਵੀ ਚੱਲ੍ਹ ਰਹੀ ਹੈ। ਮੀਟਿੰਗ ਦੇ ਵੇਰਵਿਆਂ ਬਾਰੇ ਹਾਲੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਪੰਜਾਬ ਵਿੱਚ ਕਾਂਗਰਸੀ ਲੀਡਰਾਂ ਵਿਚਕਾਰ ਆਪਸੀ ਖੀਚੋ-ਤਾਣ ਕਾਫੀ ਵੱਧ ਗਈ ਸੀ। ਜਿਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਕਤ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਜਿਸ ਨੇ ਪੰਜਾਬ ਨਾਲ ਸੰਬੰਧਤ ਸਾਰੇ ਸੀਨੀਅਰ ਲੀਡਰਾਂ, ਵਿਧਾਇਕਾਂ, ਮੰਤਰੀਆਂ ਨੂੰ ਦਿੱਲੀ ਬੁਲਾਇਆ ਸੀ ਤੇ ਉਹਨਾਂ ਦੇ ਗਿਲੇ-ਸ਼ਿਕਵੇ ਅਤੇ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਝਾਅ ਵੀ ਮੰਗੇ ਸਨ। ਉਸ ਤੋਂ ਬਾਅਦ ਪੰਜਾਬ ਦੇ ਕਾਂਗਰਸੀਆਂ ਵਿੱਚ ਇਕ ਚੁੱਪ ਜਹੀ ਛਾਈ ਹੋਈ ਹੈ ਅਤੇ ਸਾਰੇ ਹੀ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਅੱਜ ਵਾਲੀ ਮੀਟਿੰਗ ਦੇ ਬਾਰੇ ਇਹ ਜਾਣਕਾਰੀ ਮਿਲੀ ਹੈ ਕਿ ਤਿੰਨ ਮੈਂਬਰੀ ਕਮੇਟੀ ਨਾਲ ਰਾਹੁਲ ਗਾਂਧੀ ਹੀ ਮੀਟਿੰਗ ਕਰ ਰਹੇ ਹਨ।























