ਹਾਈ ਕਮਾਨ ਨਾਲ ਵਿਚਾਰਾਂ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਪਸ ਪਹੁੰਚੇ ਚੰਡੀਗੜ੍ਹ
ਤਿੰਨ ਮੈਂਬਰੀ ਕਮੇਟੀ ਨਾਲ 3 ਘੰਟੇ ਦੇ ਕਰੀਬ ਲਾਇਆ ਸਮਾਂ
ਮੀਟਿੰਗ ਕਰਨ ਤੋਂ ਬਾਅਦ ਪੂਰੇ ਹੌਂਸਲੇ ’ਚ ਦਿਖੇ ਮੁੱਖ ਮੰਤਰੀ
ਮੁਲਾਕਾਤ ਦੌਰਾਨ ਹੋਈ ਗੱਲਬਾਤ ਦਾ ਵੇਰਵਾ ਦੇਣ ਤੋਂ ਕੀਤਾ ਸਾਫ ਇਨਕਾਰ
ਵਿਰੋਧੀ ਧਿਰ ਨੇ ਸੋਨੀਆ ਗਾਂਧੀ ਵੱਲੋਂ ਫੈਸਲਾ ਸੁਣਾਏ ਜਾਣ ਤੱਕ ਚੁੱਪੀ ਧਾਰਨ ਦਾ ਕੀਤਾ ਫੈਸਲਾ

ਚੰਡੀਗੜ੍ਹ, 4ਜੂਨ(ਨਵਜੋਤ ਕੌਰ ਪਨੂੰਆਂ)- ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਾਟੋ-ਕਲੇਸ਼ ਦੌਰਾਨ ਪਾਰਟੀ ਹਾਈ ਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਜ਼ਿਆਦਾਤਰ ਮੰਤਰੀ, ਵਿਧਾਇਕ ਅਤੇ ਲੀਡਰ ਆਪਣੇ ਘਰਾਂ ਵੱਲ ਚੱਲ ਪਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੇ ਅੱਜ ਤਿੰਨ ਮੈਂਬਰੀ ਕਮੇਟੀ ਨਾਲ ਤਿੰਨ ਘੰਟੇ ਦੇ ਕਰੀਬ ਮੀਟਿੰਗ ਕੀਤੀ , ਜਿਸ ਦੌਰਾਨ ਆਪਣੀ ਸਰਕਾਰ ਅਤੇ ਸਰਕਾਰ ਦੇ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਦੇ ਨਾਲ-ਨਾਲ ਉਹਨਾਂ ਵਿਰੁੱਧ ਆਵਾਜ਼ ਉਠਾ ਰਹੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਕੀਤੇ ਕਾਰਨਾਮਿਆਂ ਦਾ ਲੇਖਾ-ਜੋਖਾ ਵੀ ਕਮੇਟੀ ਅੱਗੇ ਰੱਖਿਆ। ਮੁੱਖ ਮੰਤਰੀ ਨੇ ਆਪਣੇ ਹਮਾਇਤੀਆਂ ਦੀ ਕਾਰਗੁਜ਼ਾਰੀ ਦਾ ਵੀ ਪੂਰਾ ਵਿਵਰਣ ਕਮੇਟੀ ਅੱਗੇ ਪੇਸ਼ ਕੀਤਾ। ਬੇਸ਼ੱਕ ਮੁੱਖ ਮੰਤਰੀ ਨੇ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਤਾਂ ਕਮੇਟੀ ਨਾਲ ਅਗਲੇ ਸਾਲ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਸਲਾਹ-ਮਸ਼ਵਰਾ ਕਰਕੇ ਆਏ ਹਨ। ਪਰ ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਉਹ ਆਪਣਿਆਂ ਤੇ ਵਿਰੋਧੀਆਂ ਬਾਰੇ ਇਕੱਠੀ ਕੀਤੀ ਜਾਣਕਾਰੀ ਹਾਈ ਕਮਾਨ ਦੇ ਹਵਾਲੇ ਕਰਕੇ ਆਏ ਹਨ।
ਇਥੇ ਇਹ ਗੱਲ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਮੇਟੀ ਨਾਲ ਆਪਣੀ ਮੀਟਿੰਗ ਤੋਂ ਬਾਅਦ ਪੂਰੇ ਜੋਸ਼ ਨਾਲ ਬਾਹਰ ਨਿਕਲੇ ਅਤੇ ਉਹਨਾਂ ਨੇ ਸੰਖੇਪ ਵਿੱਚ ਹੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੋਂ ਨਾ-ਖੁਸ਼ ਹੋਏ ਮੰਤਰੀ ਅਤੇ ਵਿਧਾਇਕ ਵੀ ਦਿੱਲੀ ਤੋਂ ਵਾਪਸ ਆਉਣੇ ਸ਼ੁਰੂ ਹੋ ਗਏ ਹਨ।
ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲੇ ਮੰਤਰੀ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਦੇ ਨਾਲ ਚੱਲਣਗੇ ਕਿ ਨਹੀਂ ? ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਰੋਧੀ ਧੜੇ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਇਸ ਸੰਬੰਧੀ ਫੈਸਲਾ ਸੁਣਾਏ ਜਾਣ ਤੱਕ ਚੁੱਪੀ ਧਾਰਨ ਕਰਨ ਦਾ ਫੈਸਲਾ ਕੀਤਾ ਹੈ।






















