ਪੰਜਾਬ ਮੰਤਰੀ ਮੰਡਲ ਵੱਲੋਂ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ ਦੀ ਪ੍ਰਵਾਨਗੀ
ਅਮਰਗੜ੍ਹ ਨੂੰ ਬਣਾਇਆ ਜਾਵੇਗਾ ਸਬ-ਤਹਿਸੀਲ

ਚੰਡੀਗੜ੍ਹ, 2ਜੂਨ(ਵਿਸ਼ਵ ਵਾਰਤਾ)-ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮਾਲੇਰਕੋਟਲਾ ਦੇ ਇਤਿਹਾਸਕ ਕਸਬੇ ਨੂੰ ਰਾਜ ਦਾ 23ਵਾਂ ਜ਼ਿਲ੍ਹਾ ਬਦਲਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਸਬ ਤਹਿਸੀਲ ਅਮਰਗੜ੍ਹ ਜੋ ਕਿ ਮਾਲੇਰਕੋਟਲਾ ਸਬ-ਡਵੀਜ਼ਨ ਦਾ ਇਕ ਹਿੱਸਾ ਸੀ, ਨੂੰ ਸਬ-ਡਵੀਜ਼ਨ / ਤਹਿਸੀਲ ਵਜੋਂ ਅਪਗ੍ਰੇਡ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਮਲੇਰਕੋਟਲਾ ਜ਼ਿਲ੍ਹਾ ਹੁਣ ਤਿੰਨ ਸਬ-ਡਵੀਜ਼ਨਾਂ ਮਲੇਰਕੋਟਲਾ, ਅਹਿਮਦਗੜ ਅਤੇ ਅਮਰਗੜ੍ਹ ਨੂੰ ਸ਼ਾਮਲ ਕਰੇਗਾ।

ਮਾਲੇਰਕੋਟਲਾ ਜ਼ਿਲੇ ਵਿਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਗੋ ਸਰਕਲ ਸ਼ਾਮਲ ਕੀਤੇ ਜਾਣਗੇ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਮਈ ਨੂੰ ਈਦ-ਉਲ-ਫਿਤਰ ਦੇ ਮੌਕੇ ‘ਤੇ ਸਥਾਨਕ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਮਲੇਰਕੋਟਲਾ ਨੂੰ ਇਕ ਪੂਰਨ ਜ਼ਿਲ੍ਹਾ ਬਣਾਉਣ ਦੇ ਫੈਸਲੇ ਦਾ ਐਲਾਨ ਕੀਤਾ ਸੀ।ਮੰਤਰੀ ਮੰਡਲ ਨੇ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਕਿ ਉਹ 12 ਵਿਭਾਗਾਂ ਦੇ ਦਫ਼ਤਰਾਂ ਲਈ ਨਵੀਆਂ ਅਸਾਮੀਆਂ ਸਥਾਪਤ ਕਰਨ ਲਈ ਪ੍ਰਵਾਨਗੀ ਦੇਵੇਗਾ। ਇਨ੍ਹਾਂ ਵਿਚ ਪੁਲਿਸ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਸਮਾਜਿਕ ਨਿਆਂ ਅਤੇ ਘੱਟਗਿਣਤੀਆਂ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਮਾਜਿਕ ਸੁਰੱਖਿਆ ਔਰਤ ਅਤੇ ਬਾਲ ਵਿਕਾਸ, ਸਿਹਤ, ਸਿੱਖਿਆ (ਪ੍ਰਾਇਮਰੀ ਅਤੇ ਸੈਕੰਡਰੀ), ਸਮਾਜਿਕ ਸੁਰੱਖਿਆ, ਰੋਜ਼ਗਾਰ ਉਤਪਤੀ, ਉਦਯੋਗ ਅਤੇ ਵਣਜ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਵਿੱਤ ਵਿਭਾਗ ਸ਼ਾਮਲ ਹੋਣਗੇ।






















