ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ, ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ

Advertisement

ਚੰਡੀਗੜ੍ਹ, 19 ਜਨਵਰੀ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਟਰਾਂਸਪੋਰਟ ਸੈਕਟਰ ਵਿੱਚ ਸਾਰੇ ਦਾਅਵੇਦਾਰਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਾਉਣ ਬਾਰੇ ਆਪਣੀ ਸਰਕਾਰ ਦੀ ਵਚਨਬੱਧਤਾ ਮੁੜ ਦੁਹਰਾਉਂਦਿਆਂ ਦੱਸਿਆ ਹੈ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੇ ਅਪ੍ਰੈਲ ਤੋਂ ਦਸੰਬਰ 2017 ਤੱਕ 9.21 ਕਰੋੜ ਰੁਪਏ ਦਾ ਲਾਭ ਕਮਾਇਆ ਹੈ |

        ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ ਵਿਖਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਾਭ ਵਿੱਚ ਹੋਏ ਵਾਧੇ ਤੋਂ ਇਸ ਸੈਕਟਰ ਵਿੱਚ ਆਏ ਪਰਿਵਰਤਣ ਦਾ ਝਲਕਾਰਾ ਮਿਲਦਾ ਹੈ ਅਤੇ ਸੂਬੇ ਵਿੱਚ ਵਧੀਆ ਟਰਾਂਸਪੋਰਟ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਇਸ ਦਾ ਅਧੁਨਿਕੀਕਰਨ ਕੀਤਾ ਜਾ ਰਿਹਾ ਹੈ |

        ਪੀ.ਆਰ.ਟੀ.ਸੀ. ਦੀ ਰੋਜ਼ਾਨਾ ਦੀ ਆਮਦਨ 106 ਲੱਖ ਰੁਪਏ ਤੋਂ ਵਧ ਕੇ 123 ਲੱਖ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 100 ਬੱਸਾਂ ਦਾ ਵਾਧਾ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚੋਂ 25 ਬੱਸਾਂ ਦਾ ਵਾਧਾ  ਅੱਜ ਹੋ ਗਿਆ ਹੈ | ਪੂਰਾ ਟੀਚਾ ਹੋਣ ਤੋਂ ਬਾਅਦ ਇਸ ਦੇ ਬੇੜੇ ਦੀ ਕੁੱਲ ਸੱਖਿਆ1075 ਹੋ ਜਾਵੇਗੀ ਅਤੇ ਇਹ ਫਲੀਟ ਸੂਬੇ ਵਿੱਚ ਰੋਜ਼ਾਨਾ 3.75 ਲੱਖ ਕਿਲੋਮੀਟਰ ਤੈਅ ਕਰਨ ਦੇ ਕਾਬਲ ਹੋ ਜਾਵੇਗਾ | ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ 1075 ਦੇ ਕੁੱਲ ਫਲੀਟ ਦਾ ਟੀਚਾ ਪੂਰਾ ਹੁਣ ਨਾਲ ਸਾਰੇ ਗੈਰ-ਕਾਰਜਸ਼ੀਲ ਰੂਟ ਵੀ ਮੁੜ ਸੁਰਜੀਤ ਹੋ ਜਾਣਗੇ |

        ਮੁੱਖ ਮੰਤਰੀ ਨੇ ਪੀ.ਆਰ.ਟੀ.ਸੀ. ਨੂੰ ਮੁੜ ਪੈਰਾਂ ‘ਤੇ ਲਿਆਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਵਾਸਤੇ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮਾਰਚ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਤੱਕ 150 ਨਵੀਆਂ ਬੱਸਾਂ ਪਹਿਲਾਂ ਹੀ ਪਾਈਆਂ ਜਾ ਚੁੱਕੀਆਂ ਹਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਟਰਾਂਸਪੋਰਟ ਸੈਕਟਰ ਦਾ ਜਾਣਬੁਝ ਕੇ ਚੰਗਾ ਪ੍ਰਬੰਧ ਨਾ ਕਰਨ ਅਤੇ ਇਸ ਨੂੰ ਢਾਹ ਲਾਉਣ ਲਈ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਆਲੋਚਨਾ ਕੀਤੀ |

        ਰਾਣਾ ਗੁਰਜੀਤ ਸਿੰਘ ਵੱਲੋਂ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਸਵੈ-ਇੱਛਾ ਨਾਲ ਦਿੱਤਾ ਹੈ | ਰੇਤ ਖਣਨ ਦੀ ਬੋਲੀ ਬਾਰੇ ਜਾਂਚ ਲਈ ਸਥਾਪਤ ਕੀਤੇ ਜਾਂਚ ਕਮਿਸ਼ਨ ਨੇ ਆਪਣਾ ਕੰਮ ਮੁਕੰਮਲ ਕਰ ਲਿਆ ਹੈ ਜਿਸ ਕਰਕੇ ਇਨ੍ਹਾਂ ਮੁੱਦਿਆਂ ਬਾਰੇ ਭੰਬਲਭੂਸਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ |

        ਪਾਕਿਸਤਾਨ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਨਮਾਨਿਤ ਕੀਤੇ ਜਾਣ ਸਬੰਧੀ ਮੰਗ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਇਤਿਹਾਸ ਵਿੱਚ ਵਿਲੱਖਣ ਬਲਿਦਾਨ ਦਿੱਤਾ ਹੈ ਅਤੇ ਇਹ ਮੰਗ ਪਹਿਲੋਂ ਵੀ ਉੱਠਦੀ ਰਹੀ ਹੈ |

        ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਵਜੋਂ ਸੇਵਾ ਵਿੱਚ ਆਉਣ ਵਾਲੀ ਉੱਘੀ ਖਿਡਾਰਣ ਹਰਮਨਪ੍ਰੀਤ ਕੌਰ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਰੇਲਵੇ ਨੂੰ ਦੋ ਵਾਰੀ ਪੱਤਰ ਲਿਖਿਆ ਹੈ ਅਤੇ ਉਮੀਦ ਹੈ ਕਿ ਉਸ ਨੂੰ ਛੇਤੀ ਹੀ ਭਾਰ ਮੁਕਤ ਕਰ ਦਿੱਤਾ ਜਾਵੇਗਾ ਤਾਂ ਜੋ ਉਹ ਜਲਦੀ ਤੋਂ ਜਲਦੀ ਡੀ.ਐਸ.ਪੀ. ਵਜੋਂ ਪਦ ਸੰਭਾਲ ਸਕਣ |

        ਇਕ ਮੌਕੇ ਹਾਜ਼ਰ ਹੋਰਨਾਂ ਵਿੱਚ ਸਿੱਖਿਆ ਮੰਤਰੀ ਅਰੁਣਾ ਚੌਧਰੀ, ਵਿਧਾਇਕ ਦਰਸ਼ਨ ਸਿੰਘ ਬਰਾੜ, ਹਰਜੋਤ ਕਮਲ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ,ਪੀ.ਆਰ.ਟੀ.ਸੀ. ਦੇ ਪ੍ਰਬੰਧਕੀ ਡਾਇਰੈਕਟਰ ਮਨਜੀਤ ਸਿੰਘ ਨਾਰੰਗ, ਐਸ.ਬੀ.ਆਈ. ਦੇ ਚੀਫ ਜਨਰਲ ਮੈਨੇਜਰ ਅਨਿਲ ਕਿਸ਼ੋਰ, ਜਨਰਲ ਮੈਨੇਜਰ ਸੰਜੇ ਕੁਮਾਰ ਅਤੇ ਮੁੱਖ ਤਾਲਮੇਲ ਅਧਿਕਾਰੀ ਸੰਜੇ ਸ਼ਰਮਾ ਸ਼ਾਮਲ ਸਨ |