ਸਿੱਖਿਆ ਵਿਭਾਗ ਨੂੰ ਮਾਪਿਆਂ ਦਾ ਅਲਟੀਮੇਟਮ, ਰੋਸ ਵਜੋਂ ਥਾਲੀ ਅਤੇ ਤਾਲੀ ਦਿਵਸ ਦੀ ਸਾਲਗਿਰ੍ਹਾ ਮਨਾਈ

ਚੰਡੀਗੜ੍ਹ, 22 ਮਾਰਚ (ਵਿਸ਼ਵ ਵਾਰਤਾ)- ਅੱਜ ਚੰਡੀਗੜ੍ਹ ਦੇ ਸੈਕਟਰ 44 ਵਿੱਚ ਚੰਡੀਗੜ੍ਹ ਤੇ ਮੋਹਾਲੀ ਦੇ ਮਾਪਿਆਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਸਿੱਖਿਆ ਵਿਭਾਗ ਨੂੰ ਅਲਟੀਮੇਟਮ ਦਿੱਤਾ ਹੈ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ, ਪੇਰੈਂਟਸ ਯੂਨੀਟੀ ਫਾਰ ਜਸਟਿਸ ਚੰਡੀਗੜ੍ਹ ਦੇ ਪ੍ਰਧਾਨ ਮਨੀਸ਼ ਸੋਨੀ ਤੇ ਮੋਹਾਲੀ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਹਿਰਦੇਪਾਲ ਸਿੰਘ ਤੇ ਯੂਨਾਈਟਡ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅੰਜਲੀ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਵੇਲ਼ੇ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਨਿੱਜੀ ਸਕੂਲਾਂ ਦੀ ਫੀਸਾਂ ਦੇ ਮਾਮਲੇ ਵਿੱਚ ਪੂਰੀ ਧੱਕੇਸ਼ਾਹੀ ਜਾਰੀ ਹੈ। ਸ਼ਿਸ਼ੂ ਨਿਕੇਤਨ ਸੈਕਟਰ 43, ਸੈਂਟ ਸੋਲਜਰ ਜ਼ੀਰਕਪੁਰ, ਸੌਪਿਨਸ ਸਕੋਇਲ ਸੈਕਟਰ 32 ਤੇ ਹੋਰ ਕਈ ਸਕੂਲਾਂ ਵਿੱਚੋਂ ਸਾਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਕੁਝ ਬੱਚਿਆਂ ਨੂੰ ਫੀਸ ਜਮ੍ਹਾਂ ਨਾ ਕਰਵਾਉਣ ਬਦਲੇ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਹੈ। ਕਈ ਸਕੂਲਾਂ ਵਿੱਚ ਬੱਚਿਆਂ ਕੋਲ਼ੋਂ ਇਮਤਿਹਾਨ ਨਹੀਂ ਲਏ ਜਾ ਰਹੇ। ਮਾਪਿਆਂ ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਕਿ ਸ਼ਿਸ਼ੂ ਨਿਕੇਤਨ 43 ਸੈਕਟਰ ਜਿਹੇ ਸਕੂਲ ਕਰੋਨਾ ਵਰ੍ਹੇ ਦੀ ਸਿਰਫ਼ ਨਕਦ ਵਿੱਚ ਫੀਸ ਲੈ ਕੇ ਕੀ ਲੁਕਾਉਣਾ ਚਾਹੁੰਦੇ ਹਨ?
ਪਰ ਲਗਾਤਾਰ ਸ਼ਿਕਾਇਤਾਂ, ਈਮੇਲ ਦੇ ਬਾਵਜੂਦ ਸਿੱਖਿਆ ਵਿਭਾਗ ਚੰਡੀਗੜ੍ਹ ਤੇ ਮੋਹਾਲੀ ਰੋਪੜ, ਫਤਿਹਗੜ੍ਹ , ਸਿੱਖਿਆ ਮੰਤਰੀ ਅਤੇ ਮੁੱਖਮੰਤਰੀ ਨੇ ਇਹਨਾਂ ਘਟਨਾਵਾਂ ਦਾ ਕੋਈ ਨੋਟਿਸ ਨਹੀਂ ਲਿਆ। ਅਜਿਹਾ ਕਰਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਅਧਿਕਾਰੀ ਸਿਰਫ਼ ਨਿੱਜੀ ਸਕੂਲ ਮਾਫ਼ੀਏ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ। ਇੱਥੋਂ ਤੱਕ ਕਿ ਗਵਰਨਰ ਦੇ ਹੁਕਮਾਂ ਨੂੰ ਵੀ ਸਲਾਹਕਾਰ ਮਨੋਜ ਪਰੀਦਾ ਵੱਲ਼ੋਂ ਨਹੀਂ ਗੌਲਿਆ ਗਿਆ ਤੇ ਗਵਰਨਰ ਦੇ ਕਹਿਣ ‘ਤੇ ਵੀ ਪਰੀਦਾ ਹੁਰਾਂ ਵੱਲ਼ੋਂ ਮਾਪਿਆਂ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜਦਕਿ ਮਾਪਿਆਂ ਨੇ ਕਈ ਵਾਰੀ ਮੇਲਾਂ ਭੇਜਕੇ ਸਮਾਂ ਲੈਣ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਸਿੱਖਿਆ ਮੰਤਰੀ ਨਿੱਜੀ ਸਕੂਲ ਮਾਫ਼ੀਏ ਅੱਗੇ ਐਨਾ ਝੁਕ ਗਏ ਹਨ ਕਿ ਉਹ ਹੁਣ ਤੱਕ ਇਹਨਾਂ ਸਕੂਲਾਂ ਦੀ ਬੈਲੈਂਸ ਸ਼ੀਟ ਜਾਂ ਸਹੀ-ਸਹੀ ਟਿਊਸ਼ਨ ਫੀਸ ਦੀ ਜਾਣਕਾਰੀ ਵੀ ਜਨਤਕ ਨਹੀਂ ਕਰਵਾ ਸਕੇ ਅਤੇ ਸਰਕਾਰੀ ਹੁਕਮਾਂ ਅਤੇ ਅਦਾਲਤੀ ਹੁਕਮਾਂ ਨੂੰ ਵੀ ਲਾਗੂ ਨਹੀਂ ਕਰਵਾ ਸਕੇ। ਜਦੋ ਕੇ ਮਾਪਿਆਂ ਨੇ ਆਪ ਕਈ ਸਕੂਲਾਂ ਦੀਆਂ ਸੂਚਨਾ ਅਧਿਕਾਰ ਕਨੂੰਨ ਰਾਹੀਂ ਬੈਲਸ ਸੀਟਾਂ ਹਾਸਲ ਕਰਕੇ ਸਕੂਲਾਂ ਦੇ ਕਰੋੜਾਂ ਰੁਪਏ ਸਲਾਨਾ ਦੇ ਮੁਨਾਫੇ ਦਾ ਪਤਾ ਕਰਕੇ ਜੰਤਕ ਕੀਤਾ ਹੈ। ਜਿਹਨਾਂ ਰਾਹੀਂ ਚੰਡੀਗੜ੍ਹ ਦੇ ਸ਼ਿਸ਼ੂ ਨਿਕੇਤਨ ਅਤੇ ਮੰਡੀ ਗੋਬਿੰਦਗੜ੍ਹ ਦੇ ਓਮ ਪ੍ਰਕਾਸ਼ ਬਾਂਸਲ ਸਕੂਲ ਦੇ ਕਰੋੜਾ ਰੁਪਏ ਮੁਨਾਫੇ ਦਾ ਵੀ ਪਤਾ ਲਗਾਇਆ ਸੀ ਅਤੇ ਓਮ ਪ੍ਰਕਾਸ਼ ਬਾਂਸਲ ਸਕੂਲ ਦੀ ਐਫੀਲੀਏਸਨ ਅਤੇ ਮਾਨਤਾ ਵੀ ਰੱਦ ਕਰਵਾਈ ਸੀ।
ਮੋਹਾਲੀ , ਰੋਪੜ, ਫਤਹਿਗੜ੍ਹ ਸਾਹਿਬ ਦੇ ਸਿੱਖਿਆ ਅਫਸਰਾਂ ਅਤੇ ਪੰਜਾਬ ਦੇ ਲਗਭੱਗ ਸਾਰੇ ਜਿਲ੍ਹਾ ਸਿੱਖਿਆ ਅਫਸਰਾਂ ਵੀ ਅਦਾਲਤੀ ਹੁਕਮਾਂ ਦੇ ਬਾਵਜੂਦ ਗਲਤ ਨਿਰਦੇਸ਼ ਜਾਰੀ ਕਰਕੇ ਸਕੂਲ ਮਾਫੀਏ ਦੀ ਕੱਠਪੁਤਲੀ ਬਣੇ ਹੋਏ ਹਨ।
ਆਗੂਆਂ ਨੇ ਕਿਹਾ ਕਿ ਵਾਰ-ਵਾਰ ਅਪੀਲਾਂ, ਦਲੀਲਾਂ ਕਰਨ ਮਗਰੋਂ ਹੁਣ ਪੰਜਾਬ ਅਤੇ ਚੰਡੀਗੜ੍ਹ ਦੇ ਮਾਪਿਆਂ ਨੇ ਤੈਅ ਕੀਤਾ ਹੈ ਕਿ ਉਹ ਪ੍ਰਸ਼ਾਸਨ ਨੂੰ 31 ਮਾਰਚ ਤੱਕ ਦਾ ਅਲਟੀਮੇਟਮ ਦਿੰਦੇ ਹਨ ਤੇ ਜੇਕਰ ਫ਼ੇਰ ਵੀ ਚੰਡੀਗੜ੍ਹ ਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਮਾਪਿਆਂ ਦੀ ਸੁਣਵਾਈ ਨਹੀਂ ਕਰਦੇ ਤਾਂ ਉਹ ਅਧਿਕਾਰੀਆਂ ਨੂੰ ਸੰਕੇਤਕ ਰੋਸ ਵਜੋਂ ਤਾਲੇ ਭੇਜਣਗੇ ਤਾਂ ਜੋ ਉਹ ਮੂਕ ਦਰਸ਼ਕ ਬਣੇ ਸਿੱਖਿਆ ਵਿਭਾਗ ਨੂੰ ਜੰਦਰੇ ਮਾਰਨ।






















