ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ) ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਉਨ੍ਹਾਂ ਦੀ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਕਰਵਾਉਣ ਲਈ ਪੰਜਾਬ ਪੁਲਿਸ ਦੀ ਟੀਮ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚ ਗਈ ਹੈ। ਇਸ ਟੀਮ ਵਿੱਚ ਪੰਜ ਪੁਲਿਸ ਮੁਲਾਜ਼ਮ ਸ਼ਾਮਲ ਹਨ ਅਤੇ ਇਸ ਦੀ ਅਗਵਾਈ ਡੀ.ਐਸ.ਪੀ. (DSP) ਰੈਂਕ ਦੇ ਇੱਕ ਅਧਿਕਾਰੀ ਕਰ ਰਹੇ ਹਨ। ਉਹ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਤੋਂ ਅੰਮ੍ਰਿਤਸਰ ਲਿਆਉਣ ਲਈ ਲੋੜੀਂਦੀ ਕਾਰਵਾਈ ਪੂਰੀ ਕਰਨਗੇ। ਇਹ ਪੁਲਿਸ ਟੀਮ ਅੰਮ੍ਰਿਤਪਾਲ ਸਿੰਘ ਨੂੰ ਨਾਲ ਲੈ ਕੇ 21 ਨਵੰਬਰ ਨੂੰ ਅੰਮ੍ਰਿਤਸਰ ਪਹੁੰਚੇਗੀ। ਪੁਲਿਸ ਇਸ ਦੌਰੇ ਲਈ ਸੁਰੱਖਿਆ ਪ੍ਰਬੰਧ ਅਤੇ ਹੋਰ ਲੋੜੀਂਦੀਆਂ ਤਿਆਰੀਆਂ ਕਰ ਰਹੀ ਹੈ।
ਸਾਂਸਦ ਅੰਮ੍ਰਿਤਪਾਲ ਆਪਣੀ ਦਾਦੀ, ਚਰਨ ਕੌਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਇਸ ਲਈ, ਅੰਮ੍ਰਿਤਸਰ ਦੀ ਸੈਸ਼ਨ ਅਦਾਲਤ ਨੇ ਉਨ੍ਹਾਂ ਨੂੰ ਦੁਪਹਿਰ 12:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਈ ‘ਕਸਟਡੀ ਪੈਰੋਲ’ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲਿਆਉਣ ਅਤੇ ਵਾਪਸ ਜੇਲ੍ਹ ਛੱਡਣ ਦੇ ਖਰਚੇ ਲਈ ਪਰਿਵਾਰ ਵਲੋਂ ਪੁਲਿਸ ਦੇ ਸਰਕਾਰੀ ਖਾਤੇ ਵਿਚ 10 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਹਨ। ਇਨ੍ਹਾਂ ਵਿਚ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਪੰਜ ਪੁਲਿਸ ਮੁਲਾਜ਼ਮਾਂ ਦਾ ਆਉਣ-ਜਾਣ ਦਾ ਖਰਚਾ ਸ਼ਾਮਲ ਹੈ। ਸੰਸਦ ਮੈਂਬਰ ਦੀ ਦਾਦੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ (ਅੰਮ੍ਰਿਤਸਰ) ਵਿਖੇ ਕੀਤਾ ਜਾਵੇਗਾ।























