ਸਾਡੇ ਜ਼ਹਿਰੀਲੇ ਹੁੰਦੇ ਦਰਿਆ, ਜਿੱਥੇ ਸੁੱਕਦੇ ਜਾ ਰਹੇ ਹਨ ਉੱਥੇ ਹੀ ਮੁੱਕਦੇ ਜਾ ਰਹੇ ਹਨ:- ਸੰਤ ਸੀਚੇਵਾਲ
ਗੰਦਗੀ ਅਤੇ ਪ੍ਰਦੂਸ਼ਣ ਦੇ ਖਾਤਮੇ ਵਾਸਤੇ ਅਧਿਕਾਰੀਆਂ ਦੀ ਇੱਛਾਸ਼ਕਤੀ ਤੇ ਤਾਲਮੇਲ ਦਾ ਹੋਣਾ ਬਹੁਤ ਜ਼ਰੂਰੀ
ਸੁਲਤਾਨਪੁਰ ਲੋਧੀ 15 ਮਾਰਚ (ਵਿਸ਼ਵ ਵਾਰਤਾ)-ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਵਿਖੇ ਹਰਬਲ ਬੂਟੇ ਲਾ ਕੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਿੱਖ ਵਾਤਾਵਰਣ ਦਿਵਸ ਮਨਾਇਆ। ਬਿੱਲ, ਲਗਾਠ, ਅਮਰੂਦ, ਮਦਾਕਣੀ ਦੇ ਬੂਟੇ ਰੇਲਵੇ ਦੇ ਮੱੁਖ ਦੁਆਰ ਸਾਹਮਣੇ ਬਣਾਈ ਜਾ ਰਹੀ ਪਾਰਕ ਵਿੱਚ ਲਗਾਏ ਗਏ। ਸੰਤ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਗੁਰੂ ਹਰ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਮੌਕੇ ਸੰਤ ਸੀਚੇਵਾਲ ਜੀ ਨੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਗੁਰੂ ਹਰ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉਥੇ ਦੁਨੀਆਂ ਭਰ ਵਿੱਚ ਅੱਜ ਦੇ ਦਿਨ ਵਿਸ਼ਵ ਦਰਿਆ ਦਿਵਸ ਵੀ ਮਨਾਇਆ ਜਾਂਦਾ ਹੈ। ਸਿੱਖ ਕੌਮ ਵੱਲੋਂ ਅੱਜ ਦੇ ਦਿਨ ਹੀ ਸਿੱਖ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਪੱਧਰ ‘ਤੇ ਤਾਂ ਪਾਣੀ, ਧਰਤੀ, ਵਾਤਾਵਰਣ ਸਮੇਤ ਅਨੇਕਾਂ ਹੀ ਦਿਵਸ ਮਨਾਉਂਦੇ ਹਾਂ ਪਰ ਹਕੀਕੀ ਤੌਰ ‘ਤੇ ਅਸੀਂ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਦਾ ਸਬੂਤ ਸਾਡੇ ਜ਼ਹਿਰੀਲੇ ਹੁੰਦੇ ਦਰਿਆ, ਜਿੱਥੇ ਸੁੱਕਦੇ ਜਾ ਰਹੇ ਹਨ ਉੱਥੇ ਹੀ ਮੁੱਕਦੇ ਜਾ ਰਹੇ ਹਨ ਪਾਣੀ ਸਾਨੂੰ ਸਚੁਮੱਚ ਇਨਸਾਨ ਬਣਨ ਲਈ ਪੁਕਾਰ ਰਿਹਾ ਹੈ। ਗੰਦਗੀ ਅਤੇ ਪ੍ਰਦੂਸ਼ਣ ਦੇ ਖਾਤਮੇ ਵਾਸਤੇ ਲੋਕਲ ਬਾਡੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਇੱਛਾਸ਼ਕਤੀ ਤੇ ਤਾਲਮੇਲ ਹੋਣਾ ਬਹੁਤ ਜਰੂਰੀ ਹੈ, ਤਾਂ ਹੀ ਦਰਿਆ ਅਤੇ ਸ਼ਹਿਰਾਂ ‘ਨੂੰ ਸਾਫ ਸੁਥਰਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦਾ ਕੋਈ ਧਰਮ ਨਹੀਂ ਜੋ ਸਾਨੂੰ ਕੁਦਰਤ ਦੇ ਬਖਸ਼ੇ ਭੰਡਾਰਾਂ ਦਾ ਸਤਿਕਾਰ ਕਰਨਾਂ ਨਾ ਸਖਾਉਂਦਾ ਹੋਵੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਧਾਰਮਿਕ ਮੁੱਦੇ ਤੇ ਲੜਨਾਂ ਜਾਣਦੇ ਹਾਂ ਪਰ ਧਰਮ ਦੀ ਦਿੱਤੀ ਨਸੀਹਤ ‘ਤੇ ਚੱਲਣਾ ਨਹੀਂ ਚਹੁੰਦੇ। ਜਿਸ ਦਾ ਨਤੀਜਾ ਇਹ ਹੈ ਕਿ ਅਸੀਂ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਹਾਂ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਦਾ ਪ੍ਰਦੂਸ਼ਣ ਮੁਕਤ ਹੋਣਾ ਅਤੇ ਇਲਾਕੇ ਦੇ 200 ਤੋਂ ਵੱਧ ਪਿੰਡਾਂ ਦਾ ਪ੍ਰਦੂਸ਼ਣ ਮੁਕਤ ਹੋਣਾ ਸਮਾਜ ਲਈ ਇੱੱਕ ਪ੍ਰੇਰਨਾਂ ਹੈ। ਜੇ ਲੋਕ ਇੱਕ ਮਰ ਚੁੱਕੀ ਨਦੀ ਨੂੰ ਦੁਬਾਰਾ ਜੀਵਤ ਕਰ ਸਕਦੇ ਹਨ ਤਾਂ ਪਲੀਤ ਹੋ ਚੁੱਕੇ ਦਰਿਆ ਦੁਬਾਰਾ ਨਿਰਮਲ ਧਾਰਾ ਵਿੱਚ ਕਿਊਂ ਨਹੀਂ ਵਗ ਸਕਦੇ।
2014 ਵਿੱਚ ਸੰਤ ਸੀਚੇਵਾਲ ਜੀ ਨੂੰ ਰੇਲਵੇ ਵਿਭਾਗ ਵੱਲੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਗੋਦ ਦਿੱਤਾ ਗਿਆ ਸੀ। ਉਸ ਸਮੇਂ ਤੋਂ ਰੇਲਵੇ ਸਟੇਸ਼ਨ ਦੀ ਕਰੀਬ 35 ਏਕੜ ਜ਼ਮੀਨ ਦੋ ਦਲਦਲ ਵਿੱਚ ਨਰਕ ਬਣੀ ਪਈ ਸੀ ਉਸ ਨੂੰ ਹਰਬਲ ਪਾਰਕਾਂ ਵਿੱਚ ਤਬਦੀਲ ਕਰਕੇ ਸ਼ਹਿਰ ਦੀ ਖੂਬਸੂਰਤ ਦਿੱਖ ਬਣਾ ਦਿੱਤੀ ਹੈ।
ਇਸ ਮੋਕੇ ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਕੁਲਵਿੰਦਰ ਸਿੰਘ ,ਦਇਆ ਸਿੰਘ, ਲਖਵੀਰ ਸਿੰਘ ਅਤੇ ਹੋਰ ਕਾਰਸੇਵਕ ਹਾਜ਼ਰ ਸਨ।