ਸਰਕਾਰੀ ਮੈਡੀਕਲ ਕਾਲਜ ਵਿਖੇ ਸਥਾਪਤ ਕੀਤੀ ਜਾਵੇਗੀ ਰੇਬੀਜ ਡਾਇਗਨਾਸਟਿਕ ਪ੍ਰਯੋਗਸ਼ਾਲਾ-ਸੋਨੀ

ਅੰਮਿ੍ਰਤਸਰ, 25 ਦਸੰਬਰ (ਵਿਸ਼ਵ ਵਾਰਤਾ)-ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਵਿਖੇ ਵਾਇਰਲ ਰਿਸਰਚ ਅਤੇ ਰੇਬੀਜ਼ ਡਾਇਨਾਸਟਿਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਜਾਵੇਗੀ ਜਿਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਵੱਲੋਂ ਪ੍ਰਵਾਨਗੀ ਪ੍ਰਾਪਤ ਹੋ ਗਈ ਹੈ ਅਤੇ ਇਸ ਪ੍ਰਯੋਗਸ਼ਾਲਾ ਤੇ ਲੱਗਭੱਗ 25 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਸ ਪ੍ਰਯੋਗਸ਼ਾਲਾ ਨੂੰ ਸਥਾਪਤ ਕਰਨ ਲਈ ‘‘ਪ੍ਰਾਜੈਕਟ ਜ਼ੁਨੈਟਿਕ ਰੋਗਾਂ ਦੀ ਰੋਕਥਾਮ ਅਤੇ ਨਿਯੰਤਰਣ ਤਹਿਤ ਪ੍ਰਸਤਾਵ ਭੇਜਿਆ ਗਿਆ ਸੀ ਜਿਸ ਨੂੰ ਮਾਹਿਰਾਂ ਦੀ ਕਮੇਟੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਹ ਪਹਿਲੀ ਹਾਈਟੈਕ ਰੇਬੀਜ਼ ਡਾਇਨਾਸਟਿਕ ਪ੍ਰਯੋਗਸ਼ਾਲਾ ਹੋਵੇਗੀ ਜਿਸ ਵਿਚ ਰੇਬੀਜ ਬਾਰੇ ਖੋਜ ਅਤੇ ਜਾਂਚ ਦਾ ਕੰਮ ਕੀਤਾ ਜਾਵੇਗਾ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਨਾਲ ਨਾ ਸਿਰਫ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਬਲਕਿ ਗੁਆਂਢੀ ਰਾਜਾਂ ਦੇ ਲੋਕ ਵੀ ਇਸ ਦਾ ਫਾਇਦਾ ਲੈ ਸਕਣਗੇ।
ਸ੍ਰੀ ਸੋਨੀ ਨੇ ਦੱਸਿਆ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਬੇਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਮੈਡੀਕਲ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਬੇਹਤਰ ਬਣਾਉਣ ਲਈ ਹੋਰ ਪ੍ਰਾਜੈਕਟ ਪਾਈਪ ਲਾਈਨ ਵਿੱਚ ਹਨ। ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤ ਅਤੇ ਸਿਖਿਆ ਪ੍ਰਦਾਨ ਕਰਵਾਉਣਾ ਹੈ ਜਿਸ ਦੇ ਤਹਿਤ ਤਿੰਨੋ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਵਿਕਸਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਰਜੀਵ ਦੇਵਗਨ ਨੇ ਦੱਸਿਆ ਕਿ ਰੇਬੀਜ ਡਾਇਨਾਸਟਿਕ ਲੈਬ ਨੂੰ ਦਿੱਲੀ ਦੀ ਰਾਸ਼ਟਰੀ ਕੇਂਦਰ ਬਿਮਾਰੀ ਨਿਯੰਤਰਣ ਵੱਲੋਂ ਪ੍ਰਾਜੈਕਟ ਲਈ ਬੁਨਿਆਦੀ ਢਾਂਚਾ ਅਤੇ ਤਕਨੀਕੀ ਮੁਹਾਰਤ ਪ੍ਰਦਾਨ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਲੈਬ ਦੇ ਸਥਾਪਤ ਹੋਣ ਨਾਲ ਵੱਡੀ ਗਿਣਤੀ ਵਿੱਚ ਅਜਾਂਈ ਜਾਣ ਵਾਲੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵੀਰੋਲੋਜੀ ਲੈਬ ਦੇ ਇੰਚਾਰਜ ਡਾ: ਕੇ:ਡੀ: ਸਿੰਘ ਨੇ ਦੱਸਿਆ ਕਿ ਇਸ ਲੈਬ ਦੇ ਸਥਾਪਤ ਹੋਣ ਨਾਲ ਰੈਬੀਜ ਦੀਆਂ ਵੱਧ ਰਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇਗਾ। ਉਨਾਂ ਦੱਸਿਆ ਕਿ ਇਸ ਲੈਬ ਨੂੰ ਅੰਮਿ੍ਰਤਸਰ ਵਿਖੇ ਸਥਾਪਤ ਕਰਨ ਲਈ ਕੈਬਨਿਟ ਮੰਤਰੀ ਸ੍ਰੀ ਸੋਨੀ ਅਤੇ ਪ੍ਰਮੁੱਖ ਸਕੱਤਰ ਮੈਡੀਕਲ ਸਿਖਿਆ ਤੇ ਖੋਜ ਸ੍ਰੀ ਡੀ:ਕੇ:ਤਿਵਾੜੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਜਿਸ ਸਦਕਾ ਇਹ ਲੈਬ ਅੰਮਿ੍ਰਤਸਰ ਵਿਖੇ ਸਥਾਪਤ ਹੋ ਰਹੀ ਹੈ।






















