ਉਸ ਦੇ ਬਸਤੇ ਚ
ਜਾਂ ਤਾਂ ਛਪਿਆ ਨਵਾਂ ਨਾਵਲ ਹੁੰਦੈ
ਜਾਂ ਫਿਰ ਬਰਫ਼ੀ ਪੇੜੇ।
ਗਿਆਨ ਪੋਟਲੀ ਤੁਰੀ ਫਿਰਦੀ
ਸਰੀਰਕ ਜਾਮੇ ਚ ਵਿਸ਼ਵਕੋਸ਼
ਬਰਨਾਲੇ ਦਾ ਲੋਕ ਲਿਖਾਰੀ
ਸਦੀਆਂ ਦਾ ਗਿਆਨ
ਘੋਟ ਘੋਟ ਪੀਂਦਾ
ਸ਼ਰਦਾਈ ਵਾਂਗ ਵਰਤਾਉਂਦਾ।
ਅੰਬਰ ਜਿੱਡਾ ਆਸ਼ੀਰਵਾਦੀ ਹੱਥ
ਧਰਤੀ ਜਿੱਡੀ ਬੁੱਕਲ ਵਾਲਾ ਬਾਬਲ
ਮੁਹੱਬਤ ਦਾ ਭਰ ਵਗਦਾ ਦਰਿਆ
ਸ਼ਬਦ ਸਾਧਨਾ ਦਾ ਵੇਦ ਆਚਾਰੀਆ
ਸਰਬ ਧਰਮ ਗਿਆਤਾ
ਵਿਸ਼ਲੇਸ਼ਣੀ ਸੁਨੇਤਰਾ
ਤ੍ਰੈਕਾਲ ਦਰਸ਼ੀ ਨਜ਼ਰੀਆ
ਹੱਕ ਸੱਚ ਇਨਸਾਫ਼ ਲਈ
ਲਕੀਰ ਵਾਹ ਕੇ ਲੜਨਹਾਰ ਯੋਧਾ
9 ਅਪਰੈਲ ਨੂੰ 88ਵਾਂ ਜਨਮ ਦਿਨ ਮਨਾਵੇਗਾ ਕੁਝ ਇਸ ਤਰ੍ਹਾਂ
ਕਹਿ ਰਿਹੈ ਹਰ ਪੰਜਾਬੀ ਪੁੱਤਰ
ਮੇਰੇ ਨਾਂ ਤੇ ਘੱਟੋ ਘੱਟ
ਇੱਕ ਕਿਤਾਬ ਪੜ੍ਹੇ ਘਰ ਬੈਠਿਆਂ।
ਮੇਰੀ ਗਤੀ ਸ਼ਬਦ ਵਿੱਚ ਹੈ
ਰਸਮਾਂ ਚ ਨਹੀਂ।
ਉਸ ਧਾਰਿਆ ਹੈ ਕਿ ਇਸ ਸਾਲ ਚ ਉਹ
ਇੱਕ ਹਜ਼ਾਰ ਨਵੇਂ ਪਾਠਕ ਬਣਾਵੇਗਾ ਤੇ 500 ਨਵੇਂ ਬਿਰਖ਼ ਲਾਵੇਗਾ ਤੇ ਪਾਲੇਗਾ।
ਗਾਸੋ ਬਾਬਾ ਹੁਣ ਤੀਕ ਵੀਹ ਹਜ਼ਾਰ ਬਿਰਖ਼ ਲਗਵਾ ਤੇ ਪਾਲ ਚੁਕਾ ਹੈ।
🦚 ਗੁਰਭਜਨ ਗਿੱਲ
3.4.2020