5-ਦਿਨ ਬੈਂਕਿੰਗ ‘ਤੇ ਵੱਡਾ ਅਪਡੇਟ: IBA ਨੇ ਬਣਾਈ ਉੱਚ-ਪੱਧਰੀ ਕਮੇਟੀ
ਨਵੀ ਦਿੱਲੀ, 29 ਸਤੰਬਰ 2026 (ਵਿਸ਼ਵ ਵਾਰਤਾ): ਦੇਸ਼ ਭਰ ਦੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਲਈ 5-ਦਿਨ ਬੈਂਕਿੰਗ ਨੂੰ ਲੈ ਕੇ ਅਹਿਮ ਅਪਡੇਟ ਸਾਹਮਣੇ ਆਇਆ ਹੈ। ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੇ ਹਫ਼ਤੇ ਵਿੱਚ ਪੰਜ ਦਿਨ ਕੰਮ ਅਤੇ ਦੋ ਦਿਨ ਛੁੱਟੀ ਦੀ ਮੰਗ ‘ਤੇ ਅੱਗੇ ਚਰਚਾ ਕਰਨ ਲਈ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿੱਚ IBA ਦੇ ਪ੍ਰਤੀਨਿਧ ਵੀ ਸ਼ਾਮਲ ਹਨ ਅਤੇ ਬੈਂਕ ਯੂਨੀਅਨ ਤੋਂ ਵੀ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਦੱਸ ਦਈਏ ਕਿ IBA ਦੀ ਗੱਲਬਾਤ ਕਮੇਟੀ, ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਅਤੇ BKSM ਵਿਚਕਾਰ 27 ਸਤੰਬਰ ਨੂੰ ਹੋਈ ਮੀਟਿੰਗ ਤੋਂ ਬਾਅਦ ਇੱਕ ਕਮੇਟੀ ਗਠਿਤ ਕਰਨ ‘ਤੇ ਸਹਿਮਤੀ ਬਣੀ ਸੀ। ਇਸੇ ਮੀਟਿੰਗ ਤੋਂ ਬਾਅਦ 28 ਤੋਂ 30 ਸਤੰਬਰ ਤੱਕ ਦੇਸ਼ ਭਰ ਵਿੱਚ ਹੋਣ ਵਾਲੀ ਬੈਂਕ ਹੜਤਾਲ ਨੂੰ 27 ਸਤੰਬਰ ਦੀ ਰਾਤ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਸੀ।
ਮੰਗਲਵਾਰ ਨੂੰ IBA ਨੇ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਮੈਂਬਰਾਂ ਬਾਰੇ ਵੇਰਵੇ ਦਿੱਤੇ ਗਏ ਹਨ। ਇੰਡੀਅਨ ਬੈਂਕਸ ਐਸੋਸੀਏਸ਼ਨ ਨੇ ਦੱਸਿਆ ਕਿ ਇਸ ਹਾਈ-ਲੇਵਲ ਕਮੇਟੀ ਵਿੱਚ 5 ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਪ੍ਰਤੀਨਿਧ ਹੋਣਗੇ, ਜਦਕਿ ਬੈਂਕ ਯੂਨੀਅਨ ਵੱਲੋਂ 7 ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























