ਮੁੰਬਈ, 2 ਨਵੰਬਰ (ਵਿਸ਼ਵ ਵਾਰਤਾ) – ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਮੁੰਬਈ ਦੇ ਨਾਹੁਰ ਵੈਸਟ ਇਲਾਕੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਤੋਂ ਬਾਅਦ ਲਗਭਗ 31 ਲੋਕ ਬਿਮਾਰ ਹੋ ਗਏ। ਜਿਸ ਕਾਰਨ food poisoning ਹੋਣ ਦੇ ਸ਼ੱਕ ਹੈ। ਲਾੜਾ-ਲਾੜੀ ਸਮੇਤ ਘੱਟੋ-ਘੱਟ 31 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (DCP) ਅਭੈ ਸਿੰਘ ਦੇਸ਼ਮੁਖ ਅਨੁਸਾਰ, ਇਹ ਵਿਆਹ ਸਮਾਗਮ 1 ਨਵੰਬਰ ਨੂੰ ਨਾਹੁਰ ਵੈਸਟ ਸਥਿਤ ਨਾਲੰਦਾ ਬੁੱਧ ਵਿਹਾਰ ਹਾਲ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਲਗਭਗ 400 ਤੋਂ 500 ਮਹਿਮਾਨ ਸ਼ਾਮਲ ਹੋਏ ਸਨ।
ਉਨ੍ਹਾਂ ਦੱਸਿਆ ਕਿ ਲਗਭਗ 70 ਤੋਂ 100 ਮਹਿਮਾਨ, ਜਿਨ੍ਹਾਂ ਨੇ ਆਖਰੀ ਦੌਰ ਵਿੱਚ ਖਾਣਾ ਖਾਧਾ ਸੀ, ਭੋਜਨ ਖਾਣ ਤੋਂ ਬਾਅਦ ਬਿਮਾਰ ਹੋ ਗਏ। ਬਿਮਾਰੀ ਅਤੇ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ, ਕਈ ਮਹਿਮਾਨਾਂ ਨੂੰ ਡਾਕਟਰੀ ਸਹਾਇਤਾ ਲਈ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਵਿੱਚੋਂ 22 ਵਿਅਕਤੀਆਂ ਨੂੰ ਮੁਲੁੰਡ ਦੇ ਐਮ.ਟੀ. ਅਗਰਵਾਲ ਹਸਪਤਾਲ ਵਿੱਚ, ਚਾਰ ਛੋਟੇ ਬੱਚਿਆਂ ਨੂੰ ਮੁਲੁੰਡ ਦੇ ਕਾਮਗਾਰ ਹਸਪਤਾਲ ਵਿੱਚ, ਅਤੇ ਪੰਜ ਹੋਰਾਂ ਨੂੰ ਵਿਖਰੋਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ, “ਫਿਲਹਾਲ, ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਬੰਧਤ ਏਜੰਸੀਆਂ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ ਅਤੇ ਲੋੜੀਂਦੀ ਕਾਰਵਾਈ ਕਰ ਰਹੀਆਂ ਹਨ।”






















