ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਦੀ ਮੌਤ
ਚੰਡੀਗੜ੍ਹ,19ਫਰਵਰੀ(ਵਿਸ਼ਵ ਵਾਰਤਾ)- ਗੁਜਰਾਤ ਤੋਂ ਜੰਮੂ-ਕਸ਼ਮੀਰ ਦੇ ਪਾਖਰਪੋਰਾ ਵੱਲ ਪੁਰਾਣੀ ਕਾਰ ਵੇਚਣ ਜਾ ਰਹੇ ਵਿਅਕਤੀ ਸਮੇਤ ਦੋ ਵਿਅਕਤੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 3 ਵਜੇ ਸੈਕਟਰ 78-79 ਦੇ ਲਾਈਟ ਪੁਆਇੰਟ ਨੇੜੇ ਵਾਪਰਿਆ। ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਸਕਾਰਪੀਓ ਦੀ ਇਨੋਵਾ ਨਾਲ ਜ਼ੋਰਦਾਰ ਟੱਕਰ ਹੋ ਗਈ, ਟੱਕਰ ਏਨੀ ਭਿਆਨਕ ਸੀ ਕਿ ਇਨੋਵਾ ਹਵਾ ‘ਚ 20 ਫੁੱਟ ਉੱਛਲ ਕੇ ਜ਼ਮੀਨ ‘ਤੇ ਜਾ ਡਿੱਗੀ। ਇਸ ਹਾਦਸੇ ‘ਚ ਇਨੋਵਾ ਕਾਰ ਚਾਲਕ 40 ਸਾਲਾ ਮੁਹੰਮਦ ਅਸਲਮ ਮੀਰ ਵਾਸੀ ਜੰਮੂ-ਕਸ਼ਮੀਰ ਕਾਰ ਡੀਲਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸਕਾਰਪੀਓ ਸਵਾਰ 21 ਸਾਲਾ ਆਰੀਅਨ ਸ਼ਰਮਾ ਜੋ ਕਿ ਡੀ.ਏ.ਵੀ ਕਾਲਜ ਦਾ ਸੈਕਟਰ 10 ਚੰਡੀਗੜ੍ਹ ਦਾ ਵਿਦਿਆਰਥੀ ਸੀ, ਦੀ ਸੋਹਾਣਾ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਆਰੀਅਨ ਸ਼ਰਮਾ ਸਕਾਰਪੀਓ ਚਲਾ ਰਹੇ ਅਰਜੁਨ ਦੇ ਨਾਲ ਬੈਠਾ ਸੀ। ਸਕਾਰਪੀਓ ਗੱਡੀ ਚਲਾ ਰਹੇ ਅਰਜੁਨ ਅਤੇ ਉਸ ਦੇ ਦੋ ਦੋਸਤ ਵੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਦੋਸਤ ਕੁੱਲੂ, ਹਿਮਾਚਲ ਦੇ ਰਹਿਣ ਵਾਲੇ ਹਨ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਦੋਸਤ ਰਾਤ ਸਮੇਂ ਖਰੜ ਲਾਂਡਰਾ ਰੋਡ ’ਤੇ ਕਿਸੇ ਢਾਬੇ ’ਤੇ ਖਾਣਾ ਖਾਣ ਗਏ ਸਨ। ਰਾਤ ਦਾ ਖਾਣਾ ਖਾਣ ਤੋਂ ਬਾਅਦ ਸਾਰੇ ਚੰਡੀਗੜ੍ਹ ਸੈਕਟਰ 44 ਸਥਿਤ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਕਾਰਪੀਓ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਜਿਸ ਕਾਰਨ ਚਾਲਕ ਕਾਰ ‘ਤੇ ਕਾਬੂ ਗੁਆ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਇਨੋਵਾ ਨਾਲ ਟੱਕਰ ਮਾਰ ਦਿੱਤੀ।