ਬਾਰਵੀਂ ਦੇ ਨਤੀਜਿਆਂ ਵਿੱਚ ਰੂਪਨਗਰ ਸੂਬੇ ਭਰ ਵਿੱਚ ਰਿਹਾ ਮੋਹਰੀ
99.57 ਪਾਸ ਪ੍ਰਤੀਸ਼ਤਤਾ ਨਾਲ ਜ਼ਿਲ੍ਹਾ ਰੂਪਨਗਰ ਨੇ ਬਾਰਵੀਂ ਦੇ ਨਤੀਜਿਆਂ ਚ ਸੂਬੇ ਭਰ ਚੋਂ ਪਹਿਲਾ ਸਥਾਨ ਹਾਸਲ ਕੀਤਾ
ਰੂਪਨਗਰ,31 ਜੁਲਾਈ (ਵਿਸ਼ਵ ਵਾਰਤਾ):ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਐਲਾਨੇੇ ਗਏ ਬਾਰਵੀ ਦੇ ਸਲਾਨਾ ਨਤੀਜੇ ਵਿੱਚ ਜਿਲ੍ਹਾ ਰੂਪਨਗਰ ਨੇ ਪੰਜਾਬ ਭਰ ਵਿੱਚੋ ਪਹਿਲਾ ਸਥਾਨ ਹਾਸਲ ਕੀਤਾ ਹੈ। ਸ੍ਰੀਮਤੀ ਸੋਨਾਲੀ ਗਿਰੀ , ਡਿਪਟੀ ਕਮਿਸ਼ਨਰ, ਰੂਪਨਗਰ ਵੱਲੋਂ ਇਸ ਮਾਣਮੱਤੀ ਪ੍ਰਾਪਤੀ ਲਈ ਜ਼ਿਲ੍ਹਾ ਰੂਪਨਗਰ ਦੇ ਸਮੂਹ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਹੈ , ਜਿਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਇਸ ਸੰਕਟਮਈ ਦੌਰ ਸਮੇਂ ਵੀ ਸਿੱਖਿਆ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਜ਼ਿਲ੍ਹਾ ਰੂਪਨਗਰ ਨੂੰ ਸੂਬਾ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਵਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ l
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ ਨੇ ਕਿਹਾ ਕਿ ਜਿਲ੍ਹਾ ਰੂਪਨਗਰ ਵਿੱਚ 7414 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ਵਿੱਚੋ 7382 ਬੱਚੇ ਪਾਸ ਹੋਏ ਹਨ। ਅਤੇ ਇਹ ਪ੍ਰਤੀਸ਼ਤਤਾ 99.57 ਬਣਦੀ ਹੈ।ਇਸ ਤੋ ਬਿਨਾ ਦੂਜੇ ਨੰਬਰ ਤੇ ਪਟਿਆਲਾ ਰਿਹਾ। ਜਿਸ ਦੀ ਪਾਸ ਪ੍ਰੀਤਸ਼ਤਤਾ 99.08 ਫੀਸਦੀ ਹੈ। ਅਤੇ ਤੀਜੇ ਨੰਬਰ ਤੇ 99.06 ਨਾਲ ਸ੍ਰੀ ਮੁਕਤਸ਼ਰ ਸਾਹਿਬ ਰਿਹਾ। ਉਹਨਾਂ ਇਸ ਪ੍ਰਾਪਤੀ ਲਈ ਸਮੂਹ ਅਧਿਆਪਕਾਂ ਮਾਪਿਆਂ ਅਤੇ ਵਿੱਦਿਆਰਥੀਆਂ ਨੂੰ ਵਧਾਈ ਦਿੱਤੀ ਹੈ l