
ਮੋਹਾਲੀ, 18 ਜੂਨ ( ਵਿਸ਼ਵ ਵਾਰਤਾ )-ਸੋਸ਼ਲ ਮੀਡੀਆ ਉਤੇ ਵਾਈਰਲ ਹੋਈ 12ਵੀਂ ਕਲਾਸ ਦੀ ਜਾਅਲੀ ਡੇਟਸੀਟ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਚੱਕਰਾਂ ਵਿਚ ਪਾਈ ਰੱਖਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੇ ਰਹਿੰਦੀਆਂ ਪ੍ਰੀਖਿਆਵਾਂ ਸਬੰਧੀ ਅੱਜ ਇਕ ਸੋਸਲ ਮੀਡੀਆ ਉਤੇ ਜਾਅਲੀ ਡੇਟਸੀਟ ਵਾਈਰਲ ਹੋ ਗਈ। ਜਿਸ ਸਬੰਧੀ ਲੋਕ ਇਸ ਦੀ ਪੁਸ਼ਟੀ ਕਰਨ ਵਿਚ ਇੱਧਰ–ਓਧਰ ਫੋਨ ਘੁੰਮਾਉਂਦੇ ਰਹੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਕਿਹਾ ਕਿ ਬੋਰਡ ਵੱਲੋਂ ਅਜੇ ਕੋਈ ਵੀ ਡੇਟਸੀਟ ਜਾਰੀ ਨਹੀਂ ਕੀਤੀ ਗਈ। ਸੋਸਲ ਮੀਡੀਆ ਉਤੇ ਜਾਰੀ ਡੇਟਸੀਟ ਕਿਸੇ ਸ਼ਰਾਰਤੀ ਅਨਸਰ ਨੇ ਝੂਠੀ ਵਾਈਰਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੋਰਡ ਜਾਅਲੀ ਡੇਟਸੀਟ ਜਾਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਾਉਣ ਦੀ ਤਿਆਰੀ ਕਰ ਰਿਹਾ ਹੈ।





















