1 ਜੁਲਾਈ ਨੂੰ ਕੈਨੇਡਾ ਦਿਵਸ ਤੇ ਵਿਸ਼ੇਸ਼
ਵੱਸਦਾ ਰਹੁ ਆਜ਼ਾਦ ਕੈਨੇਡਾ – ਗੁਰਭਜਨ ਗਿੱਲ

ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ, ਵੱਸਦਾ ਰਹੁ ਆਜ਼ਾਦ ਕੈਨੇਡਾ।
ਵੰਨ ਸੁਵੰਨੇ ਧੀਆਂ ਪੁੱਤਰ, ਰੱਖੀਂ ਸਦਾ ਆਬਾਦ ਕੈਨੇਡਾ।
ਤੇਰੇ ਮੈਪਲ ਹੇਠਾਂ ਬੈਠੇ ਸਾਡੇ ਬੋਹੜਾਂ ਵਰਗੇ ਬਾਬੇ।
ਕਹਿੰਦੇ ਕਦੇ ਉਲਾਰ ਨਾ ਹੋਵਣ ਤੇਰੇ ਘਰ ਇਨਸਾਫ਼ ਦੇ ਛਾਬੇ।
ਤੇਰੇ ਜਲ ਵਿੱਚ ਸਾਡੀ ਮਿਸ਼ਰੀ, ਸ਼ਰਬਤ ਬੜਾ ਸੁਆਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ…
ਜਿਸ ਧਰਤੀ ਤੇ ਆਦਰ ਹੋਵੇ ਕਦੇ ਬੇਗਾਨਾ ਦੇਸ ਨਹੀਂ ਹੁੰਦਾ।
ਮਨ ਦਾ ਮੋਰ ਜੇ ਪੈਲਾਂ ਪਾਵੇ ਕੋਈ ਵੀ ਥਾਂ ਪਰਦੇਸ ਨਹੀਂ ਹੁੰਦਾ।
ਤੇਰੀ ਵੰਨ ਸੁਵੰਨਤਾ ਵਾਲਾ ਗੂੰਜੇ ਅਨਹਦ ਨਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ…….
ਤੇਰੇ ਘਰ ਵਿੱਚ ਵੇਖੀਂ ਕਿਧਰੇ ਲੁੱਟੇ ਨਾ ਕੋਈ ਕਿਰਤ ਕਮਾਈ।
ਕੰਮੀਂ ਕਾਰੀਂ ਰੁੱਝੇ ਗੱਭਰੂ ਮੁਟਿਆਰਾਂ ਤੇ ਮਾਈ ਭਾਈ।
ਕੁੱਲ ਦੁਨੀਆਂ ਦੇ ਪੁੱਤਰ ਤੇਰੀ ਸ਼ਕਤੀ ਬਣੇ ਫੌਲਾਦ ਕੈਨੇਡਾ।
ਰਹਿਣ ਸਲਾਮਤ ਤੇਰੇ ਵਿਹੜੇ ਸੂਹੇ ਸੁਪਨੇ ਤੇ ਫੁੱਲ ਪੱਤੀਆਂ।
ਜੀਵਣ ਜਾਗਣ ਠੰਢੀਆਂ ਛਾਵਾਂ ਵਗਣ ਹਵਾਵਾਂ ਮਹਿਕਾਂ ਮੱਤੀਆਂ।
ਮਾਂ ਬੋਲੀ ਨੂੰ ਭੁੱਲ ਕੇ ਮਾਪੇ ਗੁਆ ਨਾ ਬਹਿਣ ਔਲਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ……
ਜੇ ਪੁੱਤਰਾਂ ਦਾ ਮੋਹ ਟੁੱਟ ਜਾਵੇ ਉਹ ਧਰਤੀ ਫਿਰ ਮਾਂ ਨਹੀਂ ਰਹਿੰਦੀ।
ਪੁੱਤਰ ਪੱਤਰ ਜੇ ਝੜ ਜਾਵਣ ਰੁੱਖਾਂ ਪੱਲੇ ਛਾਂ ਨਹੀਂ ਰਹਿੰਦੀ।
ਸਾਡੇ ਵੀਰਾਂ ਨੂੰ ਸਮਝਾਈਂ ਫਿਰ ਤੇਰਾ ਧੰਨਵਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ……..
ਰੇਸ਼ਮ ਦੇ ਧਾਗੇ ਜਹੇ ਬੱਚੜੇ ਸਾਂਝੇ ਸੁਪਨਿਆਂ ਦੀ ਫੁਲਕਾਰੀ।
ਮੇਰੇ ਪਿੰਡ ਦੇ ਧੀਆਂ ਪੁੱਤਰਾਂ ਤੇਰੀ ਸੋਹਣੀ ਧਰਤ ਸ਼ਿੰਗਾਰੀ।
ਬਿਰਧ ਸਰੀਰਾਂ ਦਾ ਹੱਥ ਸਿਰ ‘ਤੇ
ਰੱਖੀਂ ਦਿਲ ਵਿੱਚ ਯਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ…….
ਸਾਂਝੀ ਰੱਤ ਦੇ ਕਾਰਨ ਦਮਕੇ ਤੇਰੇ ਝੰਡੇ ਵਿੱਚ ਜੋ ਲਾਲੀ।
ਵਿਸ਼ਵ ਅਮਨ ਦੇ ਚਿੱਟੇ ਰੰਗ ਨੇ ਤੇਰੀ ਅਜ਼ਮਤ ਸਦਾ ਸੰਭਾਲੀ।
ਬੁਰਿਆਂ ਨਾਲ ਯਾਰਾਨੇ ਛੱਡ ਦੇ, ਹੋ ਜਾਏਂਗਾ ਬਰਬਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ……..






















