- ਪੀੜਤ ਪਰਿਵਾਰ ਲਈ 1 ਕਰੋੜ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ
- ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ- ਸੰਧਵਾਂ
ਫ਼ਰੀਦਕੋਟ, 27 ਮਈ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਫ਼ਰੀਦਕੋਟ ਪੁਲਿਸ ਦੀ ਹਿਰਾਸਤ ‘ਚ 19 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਲਾਸ਼ ਖ਼ੁਰਦ-ਬੁਰਦ ਕਰਨ ਦੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਮੰਗਿਆ ਹੈ। ਅਮਨ ਅਰੋੜਾ ਅੱਜ ਜਾਰੀ ਰੋਸ ਧਰਨੇ ‘ਚ ਉਚੇਚੇ ਤੌਰ ਪਹੁੰਚੇ ਸਨ, ਇਸ ਮੌਕੇ ਉਨ੍ਹਾਂ ਨਾਲ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ, ਜ਼ੋਨ ਇੰਚਾਰਜ ਗੁਰਦਿੱਤ ਸਿੰਘ ਸੇਖੋਂ, ਹਲਕਾ ਇੰਚਾਰਜ ਜੈਤੋ ਅਮੋਲਕ ਸਿੰਘ, ਫ਼ਰੀਦਕੋਟ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ, ਅਵਤਾਰ ਸਿੰਘ ਸਹੋਤਾ, ਜਸਮੇਲ ਸਿੰਘ ਬਰਾੜ, ਗੁਰਮੀਤ ਸਿੰਘ ਆਰੇ ਵਾਲੇ, ਡਾ. ਮਨਜੀਤ ਸਿੰਘ, ਰਤਨ ਅਗਰਵਾਲ ਅਤੇ ਪ੍ਰਦੀਪ ਕੌਰ ਸਮੇਤ ਹੋਰ ਆਗੂ ਮੌਜੂਦ ਸਨ।
‘ਆਪ’ ਆਗੂਆਂ ਨੇ ਇਸ ਮੌਕੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੀੜਤ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਤੁਰੰਤ ਐਲਾਨ ਕਰੇ।
ਅਰੋੜਾ ਨੇ ਕਿਹਾ ਕਿ ਸੀਆਈਏ ਸਟਾਫ਼ ਫ਼ਰੀਦਕੋਟ ਵੱਲੋਂ ਲੰਘੀ 18 ਮਈ ਨੂੰ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਸ਼ੱਕੀ ਹਾਲਤ ‘ਚ ਹੋਈ ਮੌਤ ਉਪਰੰਤ ਮੌਕੇ ਦੇ ਪੁਲਿਸ ਅਫ਼ਸਰ ਨਰਿੰਦਰ ਸਿੰਘ ਅਤੇ ਹੋਰ ਮੁਲਾਜ਼ਮਾਂ ਵੱਲੋਂ ਜਸਪਾਲ ਸਿੰਘ ਦੀ ਲਾਸ਼ ਨਹਿਰ ‘ਚ ਸੁੱਟੇ ਜਾਣ ਅਤੇ ਫਿਰ ਨਰਿੰਦਰ ਸਿੰਘ ਵੱਲੋਂ ਵੀ ਸ਼ੱਕੀ ਹਾਲਤਾਂ ‘ਚ ਆਤਮ ਹੱਤਿਆ ਕਰਨ ਵਾਲੀ ਐਨੀ ਵੱਡੀ ਘਟਨਾ ਪ੍ਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਖਾਈ ਜਾ ਰਹੀ ਗੈਰ ਜ਼ਿੰਮੇਵਾਰੀ ਨਾ ਕੇਵਲ ਨਿਖੇਧੀ ਜਨਕ ਹੈ ਬਲਕਿ ਸ਼ਰਮਨਾਕ ਹੈ।
ਅਮਨ ਅਰੋੜਾ ਨੇ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਪਿਛਲੀ ਬਾਦਲ ਸਰਕਾਰ ਵਰਗੀ ਹੀ ਹੈ, ਸਗੋਂ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪੁਲਿਸ ਤੰਤਰ ਦਾ ਇੱਕ ਵੱਡਾ ਹਿੱਸਾ ਬੇਕਾਬੂ ਹੈ, ਲੋਕ ਇਨਸਾਫ਼ ਲਈ ਤ੍ਰਾਹ-ਤ੍ਰਾਹ ਕਰ ਰਹੇ ਹਨ, ਪਰੰਤੂ ‘ਮਹਾਰਾਜਾ’ ਆਪਣੀ ਐਸ਼ ਪ੍ਰਸ਼ਤੀ ‘ਚ ਮਸਤ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰਹਿ ਮੰਤਰੀ ਵਜੋਂ ਤੁਰੰਤ ਅਸਤੀਫ਼ਾ ਦੇ ਕੇ ਇਹ ਅਹਿਮ ਜ਼ਿੰਮੇਵਾਰੀ ਕਿਸੇ ਹੋਰ ਕਾਬਿਲ ਮੰਤਰੀ ਨੂੰ ਸੌਂਪ ਦੇਣੀ ਚਾਹੀਦੀ ਹੈ, ਜੋ ਬੇਕਾਬੂ ਪੁਲਸ ਤੰਤਰ ਨੂੰ ਅਨੁਸ਼ਾਸਨ ‘ਚ ਬੰਨ੍ਹ ਸਕੇ ਅਤੇ ਜਵਾਬਦੇਹ ਬਣਾ ਸਕੇ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਪੁਲਸ ਦਾ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਅਤੇ ਬਾਦਲਾਂ ਨੇ ਸਿਆਸੀਕਰਨ ਕਰ ਦਿੱਤਾ ਹੈ। ਨਿੱਜੀ ਅਤੇ ਸਿਆਸੀ ਸਵਾਰਥਾਂ ਲਈ ਪੁਲਿਸ ਪ੍ਰਸ਼ਾਸਨ ‘ਤੇ ਜ਼ਬਰਦਸਤ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਸਿਆਸੀ ਆਗੂਆਂ ਲਈ ਕਾਨੂੰਨ ਨੂੰ ਹੱਥ ‘ਚ ਲੈਣ ਦੀ ‘ਮਾਹਿਰ’ ਹੋਇਆ ਪੁਲਿਸ ਦਾ ਇੱਕ ਵੱਡਾ ਹਿੱਸਾ ਖ਼ੁਦ ਹੀ ਗੈਂਗ ਵਜੋਂ ਕੰਮ ਕਰਨ ਲੱਗ ਪਿਆ ਹੈ, ਫ਼ਰੀਦਕੋਟ ਦੀ ਇਹ ਵਾਰਦਾਤ ਇਸੇ ਦਾ ਨਤੀਜਾ ਹੈ। ਇਹੋ ਵਜਾ ਹੈ ਕਿ ਭ੍ਰਿਸ਼ਟਾਚਾਰ ਸ਼ਿਖਰ ‘ਤੇ ਹੈ। ਨਸ਼ੇ ਦੇ ਤਸਕਰਾਂ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਇਨਸਾਫ਼ ਤੋਂ ਦੂਰ ਪੁਲਸ ਅਤੇ ਸਿਆਸੀ ਲੋਕਾਂ ਦੇ ਨਜਾਇਜ਼ ਅਤੇ ਝੂਠੇ ਪਰਚਿਆਂ ਤੋਂ ਭੈਭੀਤ ਸੂਬੇ ਦਾ ਆਮ ਆਦਮੀ ਡਰ ਦੇ ਮਾਹੌਲ ‘ਚ ਦਿਨ-ਕਟੀ ਕਰ ਰਿਹਾ ਹੈ।