ਚੰਡੀਗੜ੍ਹ, 23 ਅਕਤੂਬਰ (ਵਿਸ਼ਵ ਵਾਰਤਾ) ਤਿਉਹਾਰੀ ਸੀਜ਼ਨ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਕਈ ਦਿਨਾਂ ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨਾ ਅਤੇ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਇਹ ਚੰਗੀ ਖ਼ਬਰ ਹੈ। ‘ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ’ (IBJA) ਦੇ ਅਨੁਸਾਰ, ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ ਵਿੱਚ ₹4,750 ਦੀ ਕਮੀ ਆਈ ਹੈ, ਜਿਸ ਨਾਲ ਇਹ ₹1.95 ਲੱਖ ‘ਤੇ ਆ ਗਈ ਹੈ, ਜੋ ਵੀਰਵਾਰ ਨੂੰ ₹2 ਲੱਖ ਸੀ। ਲਗਭਗ 10 ਮਹੀਨਿਆਂ ਵਿੱਚ ਪਹਿਲੀ ਵਾਰ ਚਾਂਦੀ ਦੀ ਕੀਮਤ ₹2 ਲੱਖ ਦੇ ਅੰਕੜੇ ਤੋਂ ਹੇਠਾਂ ਆ ਗਈ ਹੈ। ਇਸ ਦੌਰਾਨ, 24-ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ਵਿੱਚ ₹1,246 ਦੀ ਗਿਰਾਵਟ ਆਈ ਹੈ ਅਤੇ ਇਹ ₹1.41 ਲੱਖ ‘ਤੇ ਆ ਗਈ ਹੈ ਜਦਕਿ ਬੀਤੇ ਕੱਲ੍ਹ 22 ਅਕਤੂਬਰ ਨੂੰ ਇਸਦੀ ਕੀਮਤ ₹1.43 ਲੱਖ ਸੀ।
ਪਿਛਲੇ ਚਾਰ ਦਿਨਾਂ ਵਿੱਚ ਲਗਾਤਾਰ ਗਿਰਾਵਟ ਕਾਰਨ, ਸੋਨਾ ₹4,978 ਸਸਤਾ ਹੋ ਗਿਆ ਹੈ, ਜਦੋਂ ਕਿ ਚਾਂਦੀ ਦੀ ਕੀਮਤ ਵਿੱਚ ₹15,891 ਦੀ ਕਮੀ ਆਈ ਹੈ। ਗੌਰਤਲਬ ਹੈ ਕਿ ਇਸ ਸਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅਕਸਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। 31 ਦਸੰਬਰ 2025 ਨੂੰ ਚਾਂਦੀ ਦੀ ਕੀਮਤ ₹2.30 ਲੱਖ ਸੀ, ਅਤੇ 29 ਜਨਵਰੀ ਨੂੰ ਇਹ ₹3.86 ਲੱਖ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਚਾਂਦੀ ਦੀ ਕੀਮਤ ਵਿੱਚ ₹1.85 ਲੱਖ ਦੀ ਕਮੀ ਆਈ ਹੈ। ਇਸੇ ਤਰ੍ਹਾਂ, 31 ਦਸੰਬਰ 2025 ਨੂੰ ਸੋਨੇ ਦੀ ਕੀਮਤ ₹1.33 ਲੱਖ ਸੀ, ਜੋ 29 ਜਨਵਰੀ ਨੂੰ ਵਧ ਕੇ ₹1.76 ਲੱਖ ਦੇ ਸਿਖਰ ‘ਤੇ ਪਹੁੰਚ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸੋਨੇ ਦੀ ਕੀਮਤ ਵਿੱਚ ₹35,000 ਦੀ ਗਿਰਾਵਟ ਆਈ ਹੈ।























