
ਪਟਿਆਲਾ ਜ਼ਿਲ੍ਹੇ ਦੀਆਂ ਗ਼ੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਨੇ ਅੱਜ ਕੋਵਿਡ-19 ਖ਼ਿਲਾਫ਼ ਜੰਗ ‘ਚ ਜਿੱਤ ਹਾਸਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿੰਦਿਆਂ ਜਾਗਰੂਕਤਾ ਮੁਹਿੰਮ ਚਲਾਈ। ਇਸ ਦੌਰਾਨ ਇਨ੍ਹਾਂ ਐਨ.ਜੀ.ਓਜ ਨੇ ਜ਼ਿਲ੍ਹੇ ਭਰ ‘ਚ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਇਹਤਿਆਤ ਵਰਤਣ ਅਤੇ ਕੋਵਾ ਐਪ ਡਾਊਨਲੋਡ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕੋਰੋਨਾਵਾਇਰਸ ਖ਼ਿਲਾਫ਼ ਜੰਗ ਨੂੰ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਤਹਿਤ ਲੋਕ ਵੱਧ ਤੋਂ ਵੱਧ ਕੋਵਾ ਐਪ ਆਪਣੇ ਮੋਬਾਇਲ ਫੋਨਾਂ ਵਿੱਚ ਡਾਊਨਲੋਡ ਕਰਨ ਅਤੇ ਕੋਵਿਡ-19 ਤੋਂ ਬਚਣ ਲਈ ਪੂਰੀਆਂ ਸਾਵਧਾਨੀਆਂ ਵਰਤਣ।
ਸਮਾਜ ਸੇਵੀ ਜਥੇਬੰਦੀਆਂ ਵੱਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਪਾਵਰ ਹਾਊਸ ਯੂਥ ਕਲੱਬ ਦੇ ਜਤਵਿੰਦਰ ਸਿੰਘ ਗਰੇਵਾਲ, ਰੁਪਿੰਦਰ ਕੌਰ ਅਤੇ ਹੋਰ ਕੋਰੋਨਾ ਯੋਧਿਆਂ ਨੇ ਜਾਗਰੂਕਤਾ ਫੈਲਾਈ। ਜਦੋਂਕਿ ਸਮਾਣਾ ਵਿਖੇ ਲਾਇਨਜ ਕਲੱਬ ਸਮਾਣਾ ਸਮੇਤ ਰਾਜਪੁਰਾ ਵਿਖੇ ਅਗਰਵਾਲ ਸਭਾ ਰਾਜਪੁਰਾ, ਮਹਾਵੀਰ ਮਾਰਕੀਟ ਐਸੋਸੀਏਸ਼ਨ, ਸ਼ਕਤੀ ਸੇਵਾ ਸੰਸਥਾ, ਧਾਰਮਿਕ ਉਤਸਵ ਕਮੇਟੀ, ਜਾਇਟ ਗਰੁੱਪ ਆਫ਼ ਰਾਜਪੁਰਾ, ਸਰਬਤ ਦਾ ਭਲਾ ਟਰੱਸਟ ਰਾਜਪੁਰਾ, ਤ੍ਰੀਮਤ ਤਖ਼ਤ ਵੈਲਫੇਅਰ ਫਾਊਂਡੇਸ਼ਨ ਨੇ ਵੀ ਆਪਣਾ ਯੋਗਦਾਨ ਪਾਇਆ।
ਡਾ. ਇਸਮਤ ਨੇ ਦੱਸਿਆ ਕਿ ਇਸੇ ਤਰ੍ਹਾਂ ਨਾਭਾ ਵਿਖੇ ਜੈ ਸ੍ਰੀ ਰਾਮ ਸੇਵਾ ਸੰਮਤੀ ਨਾਭਾ, ਜੂਨੀਅਰ ਮਾਡਲ ਸਕੂਲ, ਰਿਪੁਦਮਨ ਕਾਲਜ, ਭਾਦਸੋਂ ਨਗਰ ਪੰਚਾਇਤ ਦੇ ਪ੍ਰਧਾਨ ਚੁਨੀ ਲਾਲ, ਮੀਤ ਪ੍ਰਧਾਨ ਸੰਜੀਵ ਕੁਮਾਰ, ਈ.ਓ. ਅਸ਼ੀਸ਼ ਕੁਮਾਰ, ਸਮਾਜ ਸੇਵੀ ਮਹਿੰਦਰਪਾਲ, ਮਾਸਟਰ ਅਸ਼ੋਕ ਹਸਰਤ, ਓਮ ਪ੍ਰਕਾਸ਼ ਸਮੇਤ ਹੋਰ ਸਮਾਜ ਸੇਵੀ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿੰਦਿਆਂ ਘਰ-ਘਰ ਜਾ ਕੇ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਸਮੇਤ ਕੋਵਿਡ-19 ਤੋਂ ਬਚਣ ਬਾਰੇ ਜਾਗਰੂਕ ਕੀਤਾ।





















