
ਅੰਮ੍ਰਿਤਸਰ, 28 ਦਸੰਬਰ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵਲੋਂ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਹੇਠ ਮਾਸਟਰ ਕਾਡਰ ਅੰਗਰੇਜੀ ਅਸਾਮੀ ਦੀ ਭਰਤੀ ਲਈ ਆਯੋਜਿਤ ਪ੍ਰੀਖਿਆ ਜ਼ਿਲ਼੍ਹਾ ਸਿੱਖਿਆ ਦਫਤਰ ਦੇ ਚੌਕਸ ਅਤੇ ਸੁਚਾਰੀ ਪ੍ਰਬੰਧਾਂ ਅਧੀਨ ਪੂਰੇ ਅਨੁਸਾਸ਼ਨ ਵਿੱਚ ਸੰਪੰਨ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ( ਸੈ.ਸਿੱ) ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬਣਾਏ ਗਏ ਤਿੰਨ ਪ੍ਰੀਖਿਆ ਕੇਂਦਰਾਂ ‘ਚ ਉਕਤ ਪ੍ਰੀਖਿਆ ਸੁਚਾਰੂ ਤਰੀਕੇ ਨਾਲ ਸੰਪੰਨ ਹੋਈ। ਉਨਾਂ ਦੱਸਿਆ ਕਿ ਮਾਸਟਰ ਕਾਡਰ ਦੀ ਅੰਗਰੇਜੀ ਵਿਸ਼ੇ ਲਈ ਅੱਜ ਹੋਈ ਪ੍ਰੀਖਿਆ ਵਿੱਚ 775 ਉਮੀਦਵਾਰ ਪ੍ਰੀਖਿਆ ਦੇਣ ਲਈ ਪ੍ਰੀਖਿਆ ਕੇਂਦਰ ਪੁੱਜੇ ਜੋ ਕਿ ਇਸ ਅਸਾਮੀ ਲਈ ਅਪਲਾਈ ਕਰਨ ਵਾਲੇ 891 ਉਮੀਦਵਾਰਾਂ ਦਾ 86.98 ਪ੍ਰਤੀਸ਼ਤ ਹੈ। ਉਨ੍ਹਾਂ ਦੱਸਿਆ ਕਿ ਅੱਜ ਹੋਈ ਪ੍ਰੀਖਿਆ ਵਿੱਚ 116 ਉਮੀਦਵਾਰ ਗੈਰ ਹਾਜਰ ਰਹੇ। ਇਸ ਸਮੇਂ ਜ਼ਿਲ਼੍ਹੇ ਅੰਦਰ ਬਣਾਏ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਮੁਅਇਨਾ ਕਰਨ ਉਪਰੰਤ ਸ. ਸਤਿੰਦਰਬੀਰ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਉਕਤ ਪ੍ਰੀਖਿਆ ਲਈ ਸਖਤ ਨਿਯਮ ਬਣਾਏ ਗਏ ਸਨ ਜਿਸ ਤਹਿਤ ਜੇਰ ਇਸ ਪ੍ਰੀਖਿਆ ਵਿਚ ਕੋਈ ਵੀ ਉਮੀਦਵਾਰ ਗਲਤ ਤਰੀਕੇ ਨਾਲ ਨਕਲ ਕਰਦਾ ਫੜਿਆ ਜਾਂਦਾ ਹੈ ਤਾਂ ਵਿਭਾਗ ਵਲੋਂ ਜਿਥੇ ਉਸਦੀ ਉਮੀਦਵਾਰੀ ਦੀ ਪਾਤਰਤਾ ਰੱਦ ਕੀਤੀ ਜਾਂਦੀ ਹੈ ਉਥੇ ਹੀ ਉਸਨੂੰ ਭਵਿੱਖ ਵਿੱਚ ਵਿਭਾਗ ਦੀ ਕਿਸੇ ਵੀ ਅਸਾਮੀ ਲਈ ਅਪਲਾਈ ਕਰਨ ਲਈ ਬਲੈਕ ਲਿਸਟ ਕੀਤਾ ਜਾਂਦਾ ਹੈ। ਇਸੇ ਸਖਤੀ ਕਾਰਨ ਅੱਜ ਜ਼ਿਲ੍ਹੇ ਦੇ ਪ੍ਰੀਖਿਆ ਕੇਂਦਰਾਂ ਵਿੱਚ ਕੋਈ ਅਨਫੇਅਰ ਮੀਨਜ਼ ਪ੍ਰੈਕਟਿਸਿਜ ਅਤੇ ਇਮਪਰਸੋਨੇਸ਼ਨ ਦਾ ਕੇਸ ਸਾਹਮਣੇ ਨਹੀਂ ਆਇਆ। ਵੱਖ ਵੱਖ ਸਕੂਲਾਂ ਦਾ ਮੁਆਇਨਾ ਕਰਨ ਪੁੱਜੇ ਜ਼ਿਲ਼੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਵਲੋਂ ਅੰਗਰੇਜੀ ਦੀ ਭਰਤੀ ਪ੍ਰੀਖਿਆ ਵਿੱਚ ਡਿਊਟੀ ਦੇ ਰਹੇ ਸਟਾਫ ਨੂੰ ਚੁਸਤੀ ਫੁਰਤੀ ਵਾਲੀ ਡਿਊਟੀ ਦੇਣ ਤੇ ਹੌਸਲਾ ਅਫਜਾਈ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਲਕਸ਼ਮੀ ਦੇਵੀ ਨਵਾਂ ਕੋਟ, ਪ੍ਰਿੰਸੀਪਲ ਪ੍ਰਦੀਪ ਕੁਮਾਰ ਘਣੂੰਪੁਰ, ਰਾਜਦੀਪ ਸਿੰਘ ਸਟੈਨੋ, ਪਰਮਿੰਦਰ ਸਿੰਘ ਸਰਪੰਚ ਹਾਜਰ ਸਨ।






















