
ਨਵਾਂਸ਼ਹਿਰ, 9 ਅਪ੍ਰੈਲ : ਅੱਜ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਜਗਜੀਤ ਸਿੰਘ ਵੱਲੋਂ ਮੰਗ ਗੁਰਪ੍ਰਸ਼ਾਦ ਸਿੰਘ ਮੰਗਾ (ਜ਼ਿਲਾ ਕੋਆਰਡੀਨੇਟਰ ਵਿਵਹਾਰ ਪਰਿਵਰਤਨ) ਦੇ ਲਿਖੇ ਅਤੇ ਗਾਏ ਗੀਤ, ਜਿਸ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਰਿਕਾਰਡ ਕਰਵਾਇਆ ਗਿਆ ਹੈ, ਦੀ ਪ੍ਰਮੋਸ਼ਨ ਕਰਦਿਆਂ ਇਸ ਦੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੇ ਕਿਹਾ ਕਿ ਇਹ ਗੀਤ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਨਸ਼ਿਆਂ ਵੱਲ ਧਕੇਲਣ ਵਾਲੇ ਗਿਰੋਹਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ। ਇਸ ਨਾਲ ਜਿਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ, ਉਥੇ ਲੱਚਰਤਾ ਅਤੇ ਹਥਿਆਰਾਂ ਆਦਿ ਨੂੰ ਬੜਾਵਾ ਦੇਣ ਵਾਲੇ ਗੀਤਾਂ ਤੋਂ ਵੀ ਆਪਣਾ ਰੁਖ ਮੋੜਨਗੇ। ਉਨਾਂ ਸਮੂਹ ਪਿ੍ਰੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੀਤ ਨੂੰ ਵੱਧ ਤੋਂ ਵੱਧ ਸੁਣਨ ਅਤੇ ਅੱਗੇ ਤੋਂ ਅੱਗੇ ਭੇਜਣ ਤਾਂ ਕਿ ਅਜਿਹੇ ਗੀਤਾਂ ਜ਼ਰੀਏ ਨੌਜਵਾਨ ਵਰਗ ਨੂੰ ਸਾਕਾਰਾਤਮਕ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ।






















