ਹੂਤੀ ਦੇ ਹਮਲੇ ਦਾ ਸ਼ਿਕਾਰ ਜਹਾਜ ਲਾਲ ਸਾਗਰ ਚ ਡੁਬਿਆ
ਨਵੀਂ ਦਿੱਲੀ 20 ਜੂਨ (ਵਿਸ਼ਵ ਵਾਰਤਾ) : ਕੁਝ ਦਿਨ ਪਹਿਲਾਂ, ਯਮਨ ਦੇ ਹੂਤੀ ਸਮੂਹ ਦੁਆਰਾ ਹਮਲੇ ਦਾ ਸ਼ਿਕਾਰ ਹੋਇਆ ਇੱਕ ਵਪਾਰਕ ਜਹਾਜ਼ ਲਾਲ ਸਾਗਰ ਵਿੱਚ ਡੁੱਬ ਗਿਆ ਹੈ। ਇਹ ਜਾਣਕਾਰੀ ਅੰਤਰਰਾਸ਼ਟਰੀ ਸ਼ਿਪਿੰਗ ਐਮਰਜੈਂਸੀ ਨਾਲ ਨਜਿੱਠਣ ਲਈ ਬ੍ਰਿਟਿਸ਼ ਜਲ ਸੈਨਾ ਦੀ ਇਕਾਈ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪ੍ਰੇਸ਼ਨਜ਼ (ਯੂਕੇਐਮਟੀਓ) ਨੇ ਦਿੱਤੀ ਹੈ। ਯਮਨ ਦੇ ਸਰਕਾਰੀ ਤੱਟ ਰੱਖਿਅਕ ਅਧਿਕਾਰੀਆਂ ਨੇ ਹਮਲਿਆਂ ਤੋਂ ਤੁਰੰਤ ਬਾਅਦ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਗ੍ਰੀਸ ਦੀ ਮਲਕੀਅਤ ਵਾਲੇ ਬਲਕ ਕੈਰੀਅਰ “ਟਿਊਟਰ” ਨੂੰ 12 ਜੂਨ ਨੂੰ ਯਮਨ ਦੇ ਬੰਦਰਗਾਹ ਸ਼ਹਿਰ ਹੋਡੇਦਾਹ ਤੋਂ ਲਗਭਗ 66 ਸਮੁੰਦਰੀ ਮੀਲ ਦੱਖਣ-ਪੱਛਮ ਵਿੱਚ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਸੀ। ਹੁਤੀ ਦੇ ਫੌਜੀ ਬੁਲਾਰੇ ਯਾਹਿਆ ਸਾਰਿਆ ਨੇ ਦਾਅਵਾ ਕੀਤਾ ਕਿ ਸਮੂਹ ਨੇ “ਇੱਕ ਮਾਨਵ ਰਹਿਤ ਕਿਸ਼ਤੀ, ਕਈ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ” ਨਾਲ ਜਹਾਜ਼ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਗੰਭੀਰ ਨੁਕਸਾਨ ਹੋਇਆ ਅਤੇ ਜਹਾਜ਼ ਨੂੰ ਡੋਬ ਦਿੱਤਾ ਗਿਆ ਹੈ। ਉਨ੍ਹਾਂ ਹਮਲੇ ਨੂੰ ਜਾਇਜ ਠਹਿਰਾਉਂਦਿਆਂ ਕਿਹਾ ਹੈ ਕਿ ਜਹਾਜ਼ ਨੇ ਇਜ਼ਰਾਈਲੀ ਬੰਦਰਗਾਹਾਂ ਵਿਚ ਦਾਖਲ ਹੋਣ ਦੀ ਪਬੰਦੀ ਦਾ ਉਲੰਘਣ ਕੀਤਾ ਸੀ ਜਿਸ ਕਾਰਨ ਇਹ ਹਮਲਾ ਕੀਤਾ ਗਿਆ ਹੈ।























