ਹੁਣ ਨਵੇਂ ਮੁੱਖ ਮੰਤਰੀ ਦੀ ਰਹਾਇਸ਼ ਨੂੰ ਘੇਰਨਗੇ ਪਨਬੱਸ ਅਤੇ ਪੀਆਰਟੀਸੀ ਦੇ ਮੁਲਾਜ਼ਮ
ਮੁਲਾਜ਼ਮਾਂ ਨੇ ਸੂਬਾ ਪੱਧਰੀ ਹੜਤਾਲ ਫੇਰ ਤੋਂ ਸ਼ੁਰੂ ਕਰਨ ਦਾ ਕੀਤਾ ਐਲਾਨ
ਆਮ ਜਨਤਾ ਨੂੰ ਫੇਰ ਤੋਂ ਕਰਨਾ ਪੈ ਸਕਦਾ ਹੈ ਮੁਸ਼ਕਿਲਾਂ ਦਾ ਸਾਹਮਣਾ

ਚੰਡੀਗੜ੍ਹ,23 ਸਤੰਬਰ (ਵਿਸ਼ਵ ਵਾਰਤਾ) ਪਿਛਲੇ ਦਿਨੀਂ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਮੁਲਾਜਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਸਰਪ੍ਰਸਤ ਕਮਲ ਕੁਮਾਰ,ਉਪ ਚੈਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪੰਨੂੰ, ਹਰਕੇਸ਼ ਵਿੱਕੀ,ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਪੁਰਾਣੇ ਮੁੱਖ ਮੰਤਰੀ ਦੇ ਸਮੇਂ 14/9/2021 ਨੂੰ ਮੀਟਿੰਗ ਵਿੱਚ ਕੀਤੇ ਫੈਸਲੇ, ਨਵੇਂ ਮੁੱਖ ਮੰਤਰੀ ਬਣਨ ਦਾ ਬਹਾਨਾ ਬਣਾ ਕੇ ਟਾਲਮਟੋਲ ਕੀਤਾ ਜਾ ਰਿਹਾ ਹੈ, ਜਦੋਂ ਕਿ ਅਧਿਕਾਰੀ ਪਹਿਲਾਂ ਵਾਲੇ ਹੀ ਹਨ। ਉਨ੍ਹਾਂ ਕਿਹਾ ਕਿ ਕੁੱਝ ਫੈਸਲੇ ਮਹਿਕਮੇ ਪੱਧਰ ਦੇ ਹਨ ,ਪੱਕਾ ਕਰਨ ਦੀ ਮੰਗ ਨੂੰ ਛੱਡ ਕੇ ਬਾਕੀ 14 ਸਤੰਬਰ ਦੀ ਮੀਟਿੰਗ ਵਿੱਚ ਕੀਤੇ ਫੈਸਲੇ ਜਿਵੇਂ 30% ਤਨਖਾਹ ਦਾ ਵਾਧਾ ਅਤੇ ਹਰ ਸਾਲ 5% ਦਾ ਨਵਾਂ ਵਾਧਾ,525 ਦੀ ਕਟੋਤੀ ਬੰਦ,ਫਾਰਗ ਕਰਮਚਾਰੀ ਨੂੰ ਤਰੁੰਤ ਬਹਾਲ ਕਰਨ ਵਰਗੇ ਫ਼ੈਸਲਿਆਂ ਤੇ ਸਹਿਮਤੀ ਹੋਈ ਸੀ, ਨੂੰ ਤਰੁੰਤ ਲਾਗੂ ਕੀਤਾ ਜਾਵੇ ।
ਹੁਣ ਨਵੇਂ ਮੁੱਖ ਮੰਤਰੀ ਪੰਜਾਬ ਵਲੋਂ ਸਮੇਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਲਈ ਆਪਣੀਆਂ ਮੰਗਾਂ ਮਨਵਾਉਣ ਅਤੇ ਮੰਨੀਆ ਮੰਗਾਂ ਲਾਗੂ ਕਰਾਉਣ ਸਬੰਧੀ ਅੱਜ ਠੋਸ ਫੈਸਲੇ ਲਏ, ਜਿਸ ਵਿੱਚ ਮਿਤੀ 24 ਸਤੰਬਰ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡ 2 ਘੰਟੇ ਬੰਦ ਕਰਨ ,ਕਿਸਾਨੀ ਸੰਘਰਸ਼ ਵਿੱਚ ਹਮਾਇਤ ਕਰਨ ਲਈ 27 ਨੂੰ ਯੂਨੀਅਨ ਵਲੋਂ ਸਾਰੇ ਸ਼ਹਿਰਾਂ ਵਿੱਚ ਧਰਨਿਆਂ ਵਿੱਚ ਸ਼ਮੂਲੀਅਤ ਕਰਨ,28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਜ਼ਿਲ੍ਹਾ ਪੱਧਰ ‘ਤੇ ਮਨਾਉਣ ਤੋਂ ਬਾਅਦ ਵਰਕਰਾਂ ਨੂੰ ਲਾਮਬੰਦ ਕਰਨ ਲਈ 6 ਅਕਤੂਬਰ ਨੂੰ ਗੇਟ ਰੈਲੀਆ ਕਰਕੇ 11-12-13 ਅਕਤੂਬਰ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ 12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਹਾਇਸ਼ ਅੱਗੇ ਧਰਨਾ ਅਤੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਤਿੱਖੇ ਸੰਘਰਸ਼ ਕਰਨ ਦੇ ਨਾਲ ਨਾਲ ਜੇਕਰ ਫੇਰ ਵੀ ਸਰਕਾਰ ਨੇ ਮਸਲੇ ਨੂੰ ਹੱਲ ਨਾ ਕੀਤਾ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ।






















