ਹਿਮਾਚਲ ਪ੍ਰਦੇਸ਼ ਚ ਬੱਸ ਹੋਈ ਹਾਦਸਾ ਗ੍ਰਸਤ, ਚਾਰ ਦੀ ਮੌਤ ਤਿੰਨ ਹੋਏ ਜ਼ਖਮੀ
ਸ਼ਿਮਲਾ 21 ਜੂਨ (ਵਿਸ਼ਵ ਵਾਰਤਾ) : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਵਿੱਚ ਸ਼ੁਕਰਵਾਰ ਸਵੇਰੇ ਇੱਕ ਬੱਸ ਦੇ ਪਲਟਣ ਦੇ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਤਿੰਨ ਜਖਮੀ ਹੋ ਗਏ ਹਨ। ਇਹ ਹਾਦਸਾ ਸ਼ਿਮਲਾ ਜਿਲੇ ਦੇ ਕੁੰਡੂ ਦਿਲਤਾਰੀ ਰੋਡ ਤੇ ਵਾਪਰਿਆ ਹੈ। ਜਾਣਕਾਰੀ ਮੁਤਾਬਕ ਹਾਦਸਾ ਸਵੇਰੇ 6.45 ਵਜੇ ਉਸ ਵੇਲੇ ਵਾਪਰਿਆ ਜਦੋਂ ਹਿਮਾਚਲ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਕੁੰਡੂ ਤੋਂ ਦਿਲਤਾਰੀ ਵੱਲ ਜਾ ਰਹੀ ਸੀ। ਬੱਸ ਦੇ ਵਿੱਚ ਸਿਰਫ ਸੱਤ ਲੋਕ ਹੀ ਸਵਾਰ ਸਨ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਬਿਰਮਾ ਦੇਵੀ ਅਤੇ ਧੰਨ ਸ਼ਾਹ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜਦਕਿ ਬੱਸ ਦਾ ਡਰਾਈਵਰ ਕਰਮ ਦਾਸ ਅਤੇ ਕੰਡਕਟਰ ਹਸਪਤਾਲ ਜਾਂਦੇ ਸਮੇਂ ਦਮ ਤੋੜ ਗਏ। ਇਸ ਹਾਦਸੇ ਦੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਚਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਨੇ ਵੀ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।























