ਹਰਸਿਮਰਤ ਕੌਰ ਬਾਦਲ ਜੇ ਖੇਤੀ ਆਰਡੀਨੈਂਸ ਖਿਲਾਫ ਕੈਬਨਿਟ ਵਿੱਚ ਦਰਜ਼ ਕਰਾਏ ਵਿਰੋਧ ਦੀ ਕਾਪੀ ਪੇਸ਼ ਕਰੇ ,ਮੈਂ ਸਿਆਸਤ ਛੱਡ ਦੇਵਾਂਗਾ- ਨਿਧੱੜਕ ਸਿੰਘ ਬਰਾੜ
ਮੋਗਾ,4 ਜਨਵਰੀ (ਵਿਸ਼ਵ ਵਾਰਤਾ)-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਰ ਵਕਤ ਖੇਤੀ ਕਨੂੰਨ ਦੇ ਸਬੰਧੀ ਆਪਣੇ ਰੋਲ ਬਾਰੇ ਝੂਠ ਬੋਲ ਰਹੇ ਹਨ। ਉਹਨਾਂ ਨੂੰ ਲੱਗਦਾ ਕਿ ਜ਼ਿਆਦਾ ਵਾਰ ਝੂਠ ਬੋਲਣ ਨਾਲ ਲੋਕ ਸੱਚ ਮੰਨ ਲੈਣਗੇ, ਪਰ ਝੂਠ ਨੇ ਝੂਠ ਹੀ ਰਹਿਣਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਰਾਜ ਸੂਚਨਾ ਕਮਿਸ਼ਨਰ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਕੌਮੀ ਬੁਲਾਰੇ ਸ: ਨਿਧੱੜਕ ਸਿੰਘ ਬਰਾੜ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ: ਬਰਾੜ ਇਹ ਪ੍ਰਤੀਕਿਰਿਆ ਅੱਜ ਬੁਢਲਾਡਾ ਤੋਂ ਬੀਬੀ ਬਾਦਲ ਦੇ ਛਪੇ ਉਸ ਬਿਆਨ ਤੇ ਦੇ ਰਹੇ ਸਨ ਜਿਸ ਵਿੱਚ ਬੀਬੀ ਬਾਦਲ ਨੇ ਦਾਅਵਾ ਕੀਤਾ ਸੀ ਕਿ ਜੇਕਰ ਵਿਰੋਧੀ ਪਾਰਟੀਆਂ ਖੇਤੀ ਆਰਡੀਨੈਂਸ ਬਾਰੇ ਮੇਰੀ ਸਹਿਮਤੀ ਸਾਬਤ ਕਰ ਦੇਣ ਮੈਂ ਸਿਆਸਤ ਛੱਡ ਦੇਵਾਂਗੀ। ਸ: ਨਿਧੜਕ ਸਿੰਘ ਬਰਾੜ ਨੇ ਕਿਹਾ ਕਿੱਡੀ ਹਾਸੋਹੀਣੀ ਗੱਲ ਹਰਸਿਮਰਤ ਕੌਰ ਕਹਿ ਰਹੀ ਕਿ ਮੇਰੇ ਖੇਤੀ ਆਰਡੀਨੈਂਸ ਜਾਂ ਬਿਲਾਂ ਤੇ ਦਸਤਖਤ ਵਿਖਾਓ , ਕਿਸੇ ਵੀ ਕੈਬਨਿਟ ਫੈਸਲਿਆਂ ਤੇ ਕਿਸੇ ਮੰਤਰੀ ਦੇ ਦਸਤਖਤ ਤਾਂ ਹੁੰਦੇ ਹੀ ਨਹੀਂ । ਸਟੇਟ ਵਿੱਚ ਚੀਫ਼ ਸੈਕਟਰੀ ਅਤੇ ਕੇਂਦਰ ਵਿੱਚ ਕੈਬਨਿਟ ਸਕੱਤਰ ਕਾਰਵਾਈ ਲਿਖਦੇ ਹਨ ਅਤੇ ਉਨ੍ਹਾ ਦੇ ਹੀ ਦਸਤਖਤ ਹੁੰਦੇ ਹਨ । ਜੇਕਰ ਕਿਸੇ ਮੱਦ ਬਾਰੇ ਕੋਈ ਮੰਤਰੀ ਆਪਣਾ ਇਤਰਾਜ਼ ਦਰਜ ਕਰਾਉਂਦਾ ਹੈ ਤਾਂ ਉਹ ਵੀ ਦਰਜ ਕੀਤਾ ਜਾਂਦਾ, ਜੋ ਰਿਕਾਰਡ ਦਾ ਹਿੱਸਾ ਬਣਦਾ ਹੈ ।ਬੀਬੀ ਝੂਠ ਤੇ ਝੂਠ ਬੋਲੀ ਜਾ ਰਹੀ ਹੈ। ਜੇਕਰ ਬੀਬੀ ਬਾਦਲ ਨੇ ਕੈਬਨਿਟ ਮੀਟਿੰਗ ਵਿੱਚ ਵਿਰੋਧ ਹੀ ਦਰਜ ਕਰਵਾਇਆ ਸੀ ਫਿਰ ਬੀਬੀ ਤੇ ਉਸ ਦੇ ਪਤੀ ਸ: ਸੁਖਬੀਰ ਸਿੰਘ ਬਾਦਲ ਤਿੰਨ ਮਹੀਨੇ ਲਗਾਤਾਰ ਆਰਡੀਨੈਂਸ ਦੇ ਹੱਕ ਵਿੱਚ ਛੱਜ ਕਿਉਂ ਕੁਟਦੇ ਰਹੇ। ਉਹਨਾਂ ਪ੍ਰੈਸ ਕਾਨਫਰੰਸਾਂ ਦਾ ਕੀ ਮਤਲਬ ਕੱਢਿਆ ਜਾਵੇ ਜਿਨ੍ਹਾ ਵਿੱਚ ਖੇਤੀ ਆਰਡੀਨੈਂਸ ਦੀ ਹਮਾਇਤ ਕੀਤੀ ਹੈ ਜੋ ਅੱਜ ਵੀ ਰਿਕਾਰਡ ਤੇ ਮੌਜੂਦ ਹੈ, ਇਸ ਦਾ ਲੋਕਾਂ ਨੂੰ ਸ਼ਪੱਸਟੀਕਰਨ ਦੇਣ।
ਸ: ਬਰਾੜ ਨੇ ਕਿਹਾ ਕਿ ਜੇਕਰ ਬੀਬੀ ਬਾਦਲ ਕੈਬਨਿਟ ਸਕੱਤਰ ਭਾਰਤ ਸਰਕਾਰ ਤੋਂ 3 ਜੂਨ 2020 ਦੀ ਮੀਟਿੰਗ ਦੀ ਤਸਦੀਕਸ਼ੁਦਾ ਕਾਪੀ ਪੇਸ਼ ਕਰਨ ਜਿਸ ਵਿੱਚ ਉਹਨਾਂ ਨੇ ਆਰਡੀਨੈਂਸ ਦਾ ਵਿਰੋਧ ਦਰਜ ਕਰਵਾਇਆ ਸੀ ਤਾਂ ਮੈਂ ਸਿਆਸਤ ਛੱਡ ਦਿਆਂਗਾ।