ਚੰਡੀਗੜ, 4 ਨਵੰਬਰ: (ਵਿਸ਼ਵ ਵਾਰਤਾ)
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਇੱਕ ਅਨੋਖੇ ਯਤਨ ਰਾਂਹੀ ਭਾਰਤੀ ਖਿਚੜੀ ਉਸ ਸਮੇਂ ਨੂੰ ਗਲੋਬਲ ਪਹਿਚਾਣ ਦਿਵਾਉਣ ਵਿਚ ਕਾਮਯਾਬ ਹੋ ਗਏ, ਜਦੋਂ ਉਹਨਾਂ ਦੀ ਅਗਵਾਈ ਵਿਚ ਇੱਕ ਵੱਡੀ ਕੜਾਹੀ ਅੰਦਰ 918 ਕਿਲੋਂ ਖਿਚੜੀ ਤਿਆਰ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਗਿਆ।
ਇਸ ਸਮੁੱਚੀ ਪ੍ਰਕਿਰਿਆ ਵਿਚ 7 ਫੁੱਟ ਵਿਆਸ ਵਾਲੀ ਅਤੇ ਇੱਕ ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਸਟੇਨਲੈਸ ਸਟੀਲ ਦੀ ਕੜਾਹੀ ਦਾ ਇਸਤੇਮਾਲ ਕੀਤਾ ਗਿਆ, ਜਿਸ ਵਿਚ ਖਿਚੜੀ ਨੂੰ ਹੋਲੀ ਸੇਕ ਉੱਤੇ ਭਾਫ ਨਾਲ ਪਕਾਇਆ ਗਿਆ ਅਤੇ ਫਿਰ ਗਿਨੀਜ਼ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੋਣ ਵਾਸਤੇ ਇਸ ਦੀ ਯੋਗਤਾ ਪਰਖਣ ਲਈ ਖਿਚੜੀ ਦੇ ਕੰਨਟੇਨਰ ਨੂੰ ਕਰੇਨ ਨਾਲ ਚੁੱਕ ਕੇ ਇਸ ਦਾ ਵਜ਼ਨ ਕੀਤਾ ਗਿਆ।ਇਸ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਸਮਾਗਮ ਦੁਨੀਆਂ ਭਰ ਵਿਚ ਖਿਚੜੀ ਨੂੰ ਮਕਬੂਲ ਕਰਨ ਤੋਂ ਇਲਾਵਾ ਇਸ ਵਿਚ ਇਸਤੇਮਾਲ ਕੀਤੇ ਜਾਂਦੀ ਸਮੱਗਰੀ-ਚੌਲ, ਬਾਜਰਾ, ਰਾਗੀ, ਜਵਾਰ ਅਤੇ ਅਮਰਨਾਥ ਵਾਸਤੇ ਵੀ ਇੱਕ ਮਾਰਕੀਟ ਤਿਆਰ ਕਰੇਗਾ ਅਤੇ ਕਿਸਾਨਾਂ ਦੀ ਮੱਦਦ ਕਰੇਗਾ। ਉਹਨਾਂ ਕਿਹਾ ਕਿ ਅਸੀਂ ਇਹ ਦਿਖਾਉਣ ਲਈ ਵਿਸ਼ਵ ਰਿਕਾਰਡ ਬਣਾਉਣ ਵਾਸਤੇ ਖਿਚੜੀ ਦਾ ਇਸਤੇਮਾਲ ਕੀਤਾ ਕਿ ਸਾਡੇ ਖਾਣੇ ਵੰਨ-ਸੁਵੰਨੇ ਹੋ ਸਕਦੇ ਹਨ, ਪਰ ਸਾਡੇ ਵਿਚਕਾਰ ਇੱਕ ਸਮਾਨਤਾ ਹੈ। ਇਸ ਵਿਅੰਜਨ ਨੂੰ ਦੇਸ਼ ਦੀ ਏਕਤਾ ਦਾ ਪ੍ਰਤੀਕ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਖਿਚੜੀ ਕੌਮਾਂਤਰੀ ਤੌਰ ਤੇ ਪਸੰਦੀਦਾ ਵਿਅੰਜਨ ਬਣਨ ਦੀ ਸੰਭਾਵਨਾ ਰੱਖਦੀ ਹੈ। ਇਸ ਵੱਡੇ ਵਿਅੰਜਨ ਤੋਂ ਪਰਦਾ ਉਠਾਉਣ ਅਤੇ ਖਿਚੜੀ ਨੂੰ ਰਲਾਉਣ, ਸਵਾਦ ਵੇਖਣ ਅਤੇ ਵਜ਼ਨ ਕਰਨ ਦੇ ਸਮਾਗਮ ਵਿਚ ਯੋਗਾ ਗੁਰੂ ਬਾਬਾ ਰਾਮਦੇਵ ਨੇ ਹਿੱਸਾ ਲਿਆ। ਉਹਨਾਂ ਕਿਹਾ ਕਿ ਇਸ ਵਿਅੰਜਨ ਨੂੰ ਦਿੱਤੀ ਗਈ ਅਹਿਮੀਅਤ ਨਾਲ ਵਿਸ਼ਵ ਬਾਜ਼ਾਰ ਅੰਦਰ ਭਾਰਤੀ ਖਾਣਿਆਂ ਨੂੰ ਇੱਕ ਨਵੀਂ ਪਹਿਚਾਣ ਮਿਲੇਗੀ। ਉਹਨਾਂ ਕਿਹਾ ਕਿ ਖਿਚੜੀ ਇੱਕ ਸਹੀ ਚੋਣ ਸੀ, ਕਿਉਂਕਿ ਇਹ ਬਹੁਭਾਂਤੀ ਅਨਾਜ ਅਤੇ ਦਾਲਾਂ ਨਾਲ ਤਿਆਰ ਹੁੰਦੀ ਹੈ। ਉਹਨਾਂ ਕਿਹਾ ਕਿ ਇਸ ਅੰਦਰ ਵੱਡੀ ਗਿਣਤੀ ਵਿਚ ਸੂਖਮ ਪੌਸ਼ਕ ਤੱਤ ਹੋਣ ਕਰਕੇ ਇਹ ਇੱਕ ਭਾਰਤੀ ਸੁਪਰ ਫੂਡ ਹੈ, ਜਿਸ ਅੰਦਰ ਅੰਤਰਰਾਸ਼ਟਰੀ ਸੁਪਰ ਫੂਡ ਬਣਨ ਦੀ ਸਮਰੱਥਾ ਹੈ। ਆਪਣੀ ਦੇਖ ਰੇਖ ਵਿਚ ਇਸ ਵਿਅੰਜਨ ਨੂੰ ਤਿਆਰ ਕਰਵਾਉਣ ਵਾਲੇ ਨਾਮੀ ਖਾਨਸਾਮਿਆਂ ਸੰਜੀਵ ਕਪੂਰ ਅਤੇ ਅਕਸ਼ੇ ਕੁਮਾਰ ਨੇ ਕਿਹਾ ਕਿ ਅੱਜ ਵਿਸ਼ਵ ਦੇ ਲੋਕਾਂ ਲਈ ਇੱਕ ਸਿਹਤਮੰਦ ਭੋਜਨ ਵਜੋਂ ਖਿਚੜੀ ਦੀ ਪੁਨਰ-ਖੋਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਨੁਸਖੇ ਸਮੇਤ ਇਸ ਵਿਅੰਜਨ ਦੇ ਇੱਕ ਹਿੱਸੇ ਨੂੰ ਪੈਕ ਕਰਕੇ ਭਾਰਤ ਵਿਚ ਵਿਦੇਸ਼ੀ ਮਿਸ਼ਨਾਂ ਦੇ ਮੁਖੀਆਂ ਨੂੰ ਭੇਜਿਆ ਜਾਵੇਗਾ। ਜਦੋਂ ਇਹ ਵਿਅੰਜਨ ਅਜੇ ਤਿਆਰ ਹੀ ਹੋਇਆ ਸੀ ਤਾਂ ਹਰਸਿਮਰਤ ਬਾਦਲ ਨੇ ਐਲਾਨ ਕਰ ਦਿੱਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਪਵਿੱਤਰ ਦਿਹਾੜੇ ਉੱਤੇ ਇਹ ਵਿਅੰਜਨ ਲਗਭਗ 10 ਹਜ਼ਾਰ ਲੋਕਾਂ ਨੂੰ ਵੰਡਿਆ ਜਾਵੇਗਾ, ਜਿਸ ਕਰਕੇ ਤੁਰੰਤ ਹੀ ਇਸ ਨੂੰ ਅੱਗੇ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਬਿੱਕੀ ਢੀੰਗਰਾ ਦੀ ਅਗਵਾਈ ਵਾਲੀ ਦਿੱਲੀ ਲੰਗਰ ਸੇਵਾ ਸੁਸਾਇਟੀ ਨੇ ਐਲਾਨ ਕੀਤਾ ਕਿ ਉਹ ਨਿਸ਼ਚਿਤ ਥਾਵਾਂ ਉੱਤੇ 5 ਹਜ਼ਾਰ ਦੇ ਕਰੀਬ ਗਰੀਬਾਂ ਨੂੰ ਇਹ ਵਿਅੰਜਨ ਵੰਡ ਦੇਣਗੇ। ਇਸ ਤੋਂ ਇਲਾਵਾ ਇਸ ਵਿਅੰਜਨ ਨੂੰ ਅੱਗੇ ਵੰਡਣ ਲਈ ਅਕਸ਼ੇ ਪਾਤਰਾ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਹਨ, ਜਿਸ ਨੇ ਇਸ ਵਿਅੰਜਨ ਦੀ ਤਿਆਰੀ ਵਿਚ ਵੀ ਯੋਗਦਾਨ ਪਾਇਆ ਸੀ। ਇਸ ਤੋਂ ਇਲਾਵਾ ਖਿਚੜੀ ਬਣਾਉਣ ਦੇ ਵਿਸ਼ਵ ਰਿਕਾਰਡ ਨੂੰ ਲੋਕਾਂ ਦਾ ਭਾਰੀ ਹੁੰਗਾਰਾ ਮਿਲਿਆ। ਵਰਲਡ ਫੂਡ ਇੰਡੀਆ ਵਿੱਚ ਫੂਡ ਸਟਰੀਟ ਵਿਖੇ ਭੋਜਨ ਦੇ ਸ਼ੌਕੀਨ ਪੂਰੇ ਦੇਸ਼ ਦੇ ਵਿਭਿੰਨ ਭਾਰਤੀ ਵਿਅੰਜਨਾਂ ਦਾ ਸੁਆਦ ਲੈਂਦੇ ਵੇਖੇ ਗਏ। ਵੱਖ ਵੱਖ ਹਾਲਾਂ ਵਿਚ ਲੱਗੀਆਂ ਪ੍ਰਦਰਸ਼ਨੀਆਂ ਉੱਤੇ ਵੀ ਲੋਕਾਂ ਦੀ ਕਾਫੀ ਭੀੜ ਵੇਖੀ ਗਈ, ਜਿੱਥੇ ਭੋਜਨ ਮਾਹਿਰ, ਸਪਲਾਈਰਜ਼, ਜੈਵਿਕ ਵਸਤਾਂ ਦੇ ਪ੍ਰਚਾਰਕ ਅਤੇ ਕੋਲਡ ਚੇਨ ਦੇ ਨਿਰਮਾਤਾ ਆਪੋ ਆਪਣੀਆਂ ਵਸਤਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਨਜ਼ਰ ਆਏ।