ਚੰਡੀਗੜ੍ਹ, 27: ਪੰਜਾਬ ਦੀਆਂ ਸੱਤ ਖੇਤਰੀ ਟਰਾਂਸਪੋਰਟ ਅਥਾਰਟੀਆਂ ਐਸ.ਏ.ਐਸ. ਨਗਰ, ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਫਰੀਦਕੋਟ ਦੇ ਦਫਤਰ 28 ਤੇ 29 ਅਪਰੈਲ (ਸ਼ਨਿਚਰਵਾਰ ਤੇ ਐਤਵਾਰ) ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ। ਇਹ ਜਾਣਕਾਰੀ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਵਾਹਨ 4.0 ਅਤੇ ਸਾਰਥੀ 4.0 ਲਾਗੂ ਹੋ ਰਿਹਾ ਹੈ ਅਤੇ ਇਸ ਸਮੇਂ ਉਕਤ ਸੱਤ ਅਥਾਰਟੀਆਂਵਿੱਚ ਇਹ ਸਿਸਟਮ ਚਾਲੂ ਕੀਤਾ ਜਾ ਰਿਹਾ ਹੈ। ਇਨ੍ਹਾਂ ਦਫਤਰਾਂ ਦੇ ਅਧੀਨ ਆਉਂਦੇ ਜ਼ਿਲ੍ਹਿਆਂ ਵਿੱਚ ਵਪਾਰਕ ਵਾਹਨਾਂ ਦਾ ਟੈਕਸ ਡਾਟਾ ਅਪਡੇਟ ਨਾ ਹੋਣ ਕਾਰਣ ਅਜੇ ਆਨਲਾਈਨ ਟੈਕਸ ਜਮਾਂ ਨਹੀਂ ਹੋ ਰਿਹਾ ਹੈ। ਇਸ ਲਈ ਇਨ੍ਹਾਂ ਦਫਤਰਾਂ ਵਿੱਚ ਆਫ ਲਾਇਟ ਟੈਕਸ (ਕੈਸ਼/ਡਰਾਫਟ/ਚਲਾਨ ਆਦਿ) ਨਾਲ ਲੈਣ ਲਈ ਹੈਲਪ ਡੈਸਕ ਖੋਲ੍ਹੇ ਗਏ ਹਨ, ਜਿਸ ਦੀ ਮਨਜ਼ੂਰੀ 30 ਅਪਰੈਲ ਤੱਕ ਦਿੱਤੀ ਗਈ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੀ ਤਿਮਾਹੀ ਦੀ ਅੰਤਿਮ ਮਿਤੀ ਨਜ਼ਦੀਕ ਹੋਣ ਕਾਰਨ ਲੋਕਾਂ ਦੀ ਸਹੂਲਤ28 ਤੇ 29 ਅਪਰੈਲ ਨੂੰ ਉਕਤ ਸੱਤ ਦਫਤਰ ਆਮ ਵਾਂਗ ਖੁੱਲ੍ਹੇ ਰਹਿਣਗੇ ਅਤੇ ਆਮ ਲੋਕ ਆਪਣਾ ਬਣਦਾ ਟੈਕਸ ਇਨ੍ਹਾਂ ਦਫਤਰਾਂ ਵਿੱਚ ਜਾ ਕੇ ਜਮ੍ਹਾਂ ਕਰਵਾ ਸਕਦੇ ਹਨ।