ਸੰਸਦ ਦੇ ਬਜਟ ਇਜਲਾਸ ਦਾ 8ਵਾਂ ਦਿਨ,ਦੋਵਾਂ ਸਦਨਾ ਦੀ ਕਾਰਵਾਈ ਜਾਰੀ
ਪ੍ਰਧਾਨ ਮੰਤਰੀ ਮੋਦੀ ਦਾ ਅੱਜ ਲੋਕ ਸਭਾ ‘ਚ ਭਾਸ਼ਣ
ਚੰਡੀਗੜ੍ਹ 8 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਸੰਸਦ ਦੇ ਬਜਟ ਸੈਸ਼ਨ ਦਾ ਅੱਜ 8ਵਾਂ ਦਿਨ ਹੈ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਦਾ ਜਵਾਬ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਭਾਸ਼ਣ ‘ਚ ਰਾਹੁਲ ਦੇ ਸਵਾਲਾਂ ਦਾ ਜਵਾਬ ਦੇ ਸਕਦੇ ਹਨ, ਜੋ ਰਾਹੁਲ ਗਾਂਧੀ ਨੇ ਬੀਤੇ ਕੱਲ੍ਹ ਲੋਕ ਸਭਾ ‘ਚ ਪੁੱਛੇ ਸਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਕਾਰੋਬਾਰੀ ਗੌਤਮ ਅਡਾਨੀ ਦੇ ਸਬੰਧਾਂ ‘ਤੇ ਸਵਾਲ ਚੁੱਕੇ ਸਨ। ਰਾਹੁਲ ਨੇ ਕਿਹਾ ਸੀ ਕਿ 2014 ‘ਚ ਜਾਦੂ ਸ਼ੁਰੂ ਹੋਇਆ ਅਤੇ ਅਡਾਨੀ ਅਮੀਰਾਂ ਦੀ ਸੂਚੀ ‘ਚ 609ਵੇਂ ਨੰਬਰ ਤੋਂ ਦੂਜੇ ਨੰਬਰ ‘ਤੇ ਆ ਗਿਆ।
ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਦੇ ਦੋਸ਼ਾਂ ‘ਤੇ ਨਾਰਾਜ਼ਗੀ ਜਤਾਈ ਸੀ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਵੀ ਰਾਹੁਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਲੋਕ ਸਭਾ ਸਪੀਕਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਬਿਨਾਂ ਕਿਸੇ ਤੱਥ ਦੇ ਪੀਐਮ ‘ਤੇ ਦੋਸ਼ ਲਗਾਏ ਹਨ। ਸੰਸਦ ਮੈਂਬਰ ਨੇ ਕਿਹਾ ਕਿ ਸਦਨ ਦੀ ਬੇਇੱਜ਼ਤੀ ਲਈ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।