ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ 15 ਜਿਲ੍ਹਿਆਂ ‘ਚ 34 ਐਫ. ਸੀ. ਆਈ. ਦਫਤਰਾਂ ਦੇ ਕੀਤੇ ਗਏ ਮੁਕੰਮਲ ਘਿਰਾਓ

ਚੰਡੀਗੜ੍ਹ 5 ਅਪ੍ਰੈਲ (ਕੁਲਬੀਰ ਬੀਰਾ ) ਪੂਰੇ ਦੇਸ਼ ‘ਚ ਐਫ. ਸੀ. ਆਈ. ਦਫਤਰਾਂ ਦੇ ਘਿਰਾਓ ਕਰਨ ਦੇ ਸੰਯੁਕਤ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ 15 ਜਿਲ੍ਹਿਆਂ ਦੇ 34 ਐਫ ਸੀ ਆਈ ਦਫਤਰਾਂ ਦੇ ਮੁਕੰਮਲ ਘਿਰਾਓ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਲਿਖਤੀ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਥਾਂ ਥਾਂ ਸੈਂਕੜੇ/ਹਜ਼ਾਰਾਂ ਔਰਤਾਂ ਤੇ ਨੌਜਵਾਨਾਂ ਸਮੇਤ ਹੋਏ ਕਿਸਾਨਾਂ ਮਜਦੂਰਾਂ ਤੇ ਹਮਾਇਤੀ ਲੋਕਾਂ ਦੇ ਠਾਠਾਂ ਮਾਰਦੇ ਇਕੱਠਾਂ ਵੱਲੋਂ ਮੋਦੀ ਭਾਜਪਾ ਹਕੂਮਤ ਵਿਰੁੱਧ ਲਾਏ ਜਾ ਰਹੇ ਆਕਾਸ਼ ਗੁੰਜਾਊ ਨਾਹਰੇ ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਅੰਦਰ ਲਗਾਤਾਰ ਵਧ ਰਹੇ ਰੋਹ ਦਾ ਇਜ਼ਹਾਰ ਹੋ ਨਿੱਬੜੇ। ਵੱਖ ਵੱਖ ਥਾਂਈਂ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਚਮਕੌਰ ਸਿੰਘ ਨੈਣੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ, ਸਰੋਜ ਕੁਮਾਰੀ ਦਿਆਲਪੁਰਾ, ਪਰਮਜੀਤ ਕੌਰ ਪਿੱਥੋ ਅਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਜਿਲ੍ਹਾ/ਬਲਾਕ ਪੱਧਰੇ ਸਾਰੇ ਆਗੂ ਸ਼ਾਮਲ ਸਨ। ਭਰਾਤਰੀ ਹਿਮਾਇਤ ਵਜੋਂ ਕੁੱਝ ਥਾਂਈਂ ਭਰਵੀਂ ਸ਼ਮੂਲੀਅਤ ਕਰਨ ਵਾਲੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮੁੱਖ ਸੂਬਾ ਆਗੂਆਂ ਜ਼ੋਰਾ ਸਿੰਘ ਨਸਰਾਲੀ ਅਤੇ ਲਛਮਣ ਸਿੰਘ ਸੇਵੇਵਾਲਾ ਨੇ ਵੀ ਸੰਬੋਧਨ ਕੀਤਾ। ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਕੇਂਦਰੀ ਅਨਾਜ ਮੰਤਰੀ ਦੇ ਨਾਂ ਸੌਂਪੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਕਣਕ ਦੀ ਖਰੀਦ ਲਈ ਜ਼ਮੀਨ ਦੀ ਜਮ੍ਹਾਂਬੰਦੀ ਪੇਸ਼ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਅਦਾਇਗੀ ਫਸਲ ਦੇ ਕਾਸ਼ਤਕਾਰ ਨੂੰ ਹੀ ਕੀਤੀ ਜਾਵੇ। ਸਿੱਧੀ ਬੈਂਕ ਖਾਤੇ ਵਿੱਚ ਅਦਾਇਗੀ ਦਾ ਪ੍ਰਬੰਧ ਮੌਜੂਦਾ ਘੋਲ਼ ਸਮੇਂ ਹਾਲ ਦੀ ਘੜੀ ਵਾਪਸ ਲਿਆ ਜਾਵੇ। ਤੈਅ ਕੀਤੇ ਗਏ ਐਮ ਐਸ ਪੀ ‘ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕੀਤੀ ਜਾਵੇ। ਐਫ ਸੀ ਆਈ ਲਈ ਫਸਲੀ-ਖਰੀਦ ਬਜਟ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਕਣਕ ‘ਚ ਨਮੀ ਦੀ ਮਾਤਰਾ ਅਤੇ ਦਾਗੀ ਦਾਣਿਆਂ ਦੀ ਮਾਤਰਾ ਨੂੰ ਘਟਾਉਣ ਵਰਗੀਆਂ ਬੇਹੂਦਾ ਸ਼ਰਤਾਂ ਰੱਦ ਕੀਤੀਆਂ ਜਾਣ ਅਤੇ ਖਰੀਦ ਪ੍ਰਕਿਰਿਆ ਘੱਟੋ-ਘੱਟ ਸਮੇਂ ‘ਚ ਪੂਰੀ ਕਰਨ ਲਈ ਬਾਰਦਾਨਾ ਤੇ ਹੋਰ ਲੋੜੀਂਦੇ ਪ੍ਰਬੰਧ ਤੁਰੰਤ ਪੂਰੇ ਕੀਤੇ ਜਾਣ। ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿਲ 2020 ਅਤੇ ਪਰਾਲ਼ੀ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ। ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਪੂਰੇ ਦੇਸ਼ ‘ਚ ਲਾਗੂ ਕੀਤੀ ਜਾਵੇ। ਬੁਲਾਰਿਆਂ ਨੇ ਕੇਂਦਰ ਸਰਕਾਰ ‘ਤੇ ਅਡਾਨੀ ਅੰਬਾਨੀ ਤੇ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੀ ਝੋਲੀਚੁੱਕ ਹੋਣ ਦਾ ਦੋਸ਼ ਲਾਉਂਦੇ ਹੋਏ ਹੱਕੀ ਕਿਸਾਨ ਮੰਗਾਂ ਪ੍ਰਤੀ ਧਾਰਨ ਕੀਤੇ ਅੜੀਅਲ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ। ਰਾਜਸਥਾਨ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਭਾਜਪਾ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ, ਹਰਿਆਣਾ ਦੇ ਕਿਸਾਨਾਂ ‘ਤੇ ਪੁਲਿਸ ਲਾਠੀਚਾਰਜ ਅਤੇ ਪੰਜਾਬ, ਯੂ ਪੀ ਆਦਿ ਰਾਜਾਂ ਵਿੱਚ ਭਾਜਪਾ ਆਗੂਆਂ ਦੀਆਂ ਭੜਕਾਹਟ ਭਰੀਆਂ ਕਾਰਵਾਈਆਂ ਦੀ ਵੀ ਸਖਤ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਐਲਾਨ ਕੀਤਾ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਮੌਜੂਦਾ ਕਿਸਾਨ ਮੋਰਚੇ ਦੀਆਂ ਮੁੱਖ ਮੰਗਾਂ ਮੰਨਾਉਣ ਲਈ ਇਹ ਮੁਲਕ ਪੱਧਰਾ ਮੋਰਚਾ ਦਿੱਲੀ ਬਾਰਡਰਾਂ ਸਣੇ ਸਾਰੇ ਫਰੰਟਾਂ ‘ਤੇ ਲੰਬਾ ਦਮ ਰੱਖ ਕੇ ਅੰਤਮ ਜਿੱਤ ਤੱਕ ਲੜਿਆ ਜਾਵੇਗਾ। ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਇਨ੍ਹਾਂ ਕਾਨੂੰਨਾਂ ਦੀ ਮਾਰ ਹੇਠ ਆਉਂਦੇ ਮੰਡੀ ਕਰਮਚਾਰੀਆਂ, ਪੱਲੇਦਾਰਾਂ, ਮੁਨੀਮਾਂ, ਆੜ੍ਹਤੀਆਂ, ਟ੍ਰਾਂਸਪੋਰਟਰਾਂ ਆਦਿ ਵੱਲੋਂ ਅੱਜ ਦੇ ਧਰਨਿਆਂ ‘ਚ ਕੀਤੀ ਗਈ ਹਿਮਾਇਤੀ ਸ਼ਮੂਲੀਅਤ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ। ਵਿਸਾਖੀ ਮੌਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੀਤੀ ਜਾ ਰਹੀ ਜਿਲ੍ਹਾ ਪੱਧਰੀ ਲਾਮਬੰਦੀ ਕਾਨਫਰੰਸ ਅਤੇ ਹੋਰ ਅਗਲੇ ਘੋਲ਼ ਪ੍ਰੋਗ੍ਰਾਮਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸਭਨਾਂ ਨੂੰ ਸੱਦਾ ਦਿੱਤਾ ਗਿਆ।
ਜਿਲ੍ਹਾ ਬਠਿੰਡਾ ਵਲੋਂ ਵੀ ਚਾਰ ਐਫ. ਸੀ. ਆਈ. ਦਫਤਰਾਂ ਦਾ ਕੀਤਾ ਗਿਆ ਮੁਕੰਮਲ ਘਿਰਾਓ
ਬਠਿੰਡਾ 5 ਅਪ੍ਰੈਲ ( ਕੁਲਬੀਰ ਬੀਰਾ ) ਪੂਰੇ ਦੇਸ਼ ‘ਚ ਐਫ. ਸੀ. ਆਈ. ਦੇ ਦਫਤਰਾਂ ਦੇ ਘਿਰਾਓ ਕਰਨ ਦੇ ਸੰਯੁਕਤ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਜਿਲ੍ਹਾ ਬਠਿੰਡਾ ਵਲੋਂ ਮੌੜ ਮੰਡੀ ,ਭੁੱਚੋ ਮੰਡੀ ,ਗੋਨਿਆਣਾ ਮੰਡੀ ਅਤੇ ਰਾਮਾਂ ਮੰਡੀ ਵਿਖੇ ਐਫ ਸੀ ਆਈ ਦਫਤਰਾਂ ਦੇ ਮੁਕੰਮਲ ਘਿਰਾਓ ਕੀਤੇ ਗਏ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਪ੍ਰੈਂਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਥਾਂ ਥਾਂ ਹੋਏ ਕਿਸਾਨਾਂ ਮਜਦੂਰਾਂ ਦੇ ਠਾਠਾਂ ਮਾਰਦੇ ਇਕੱਠ ਅਤੇ ਮੋਦੀ ਭਾਜਪਾ ਹਕੂਮਤ ਵਿਰੁੱਧ ਲਾਏ ਜਾ ਰਹੇ ਆਕਾਸ਼ ਗੁੰਜਾਊ ਨਾਹਰੇ ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਅੰਦਰ ਲਗਾਤਾਰ ਵਧ ਰਹੇ ਰੋਹ ਦਾ ਇਜ਼ਹਾਰ ਹੋ ਨਿੱਬੜੇ। ਵੱਖ ਵੱਖ ਥਾਂਈਂ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਹਰਜਿੰਦਰ ਸਿੰਘ ਬੱਗੀ,ਦਰਸਨ ਸਿੰਘ ਮਾਈਸਰਖਾਨਾ,ਬਸੰਤ ਸਿੰਘ ਕੋਠਾ ਗੁਰੂ ,ਜਗਦੇਵ ਸਿੰਘ ਜੋਗੇਵਾਲਾ,ਕੁਲਵੰਤ ਰਾਏ ਕੇ ਕਲਾਂ ,ਪਰਮਜੀਤ ਕੌਰ ਪਿਥੋ,ਕਰਮਜੀਤ ਕੌਰ ਲਹਿਰਾ ਖਾਨਾ ਅਤੇ ਮਾਲਣ ਕੌਰ ਸ਼ਾਮਲ ਸਨ। ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਕੇਂਦਰੀ ਅਨਾਜ ਮੰਤਰੀ ਦੇ ਨਾਂ ਸੌਂਪੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਕਣਕ ਦੀ ਖਰੀਦ ਲਈ ਜ਼ਮੀਨ ਦੀ ਜਮ੍ਹਾਂਬੰਦੀ ਪੇਸ਼ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਅਦਾਇਗੀ ਫਸਲ ਦੇ ਕਾਸ਼ਤਕਾਰ ਨੂੰ ਹੀ ਕੀਤੀ ਜਾਵੇ। ਸਿੱਧੀ ਬੈਂਕ ਖਾਤੇ ਵਿੱਚ ਅਦਾਇਗੀ ਦਾ ਪ੍ਰਬੰਧ ਮੌਜੂਦਾ ਘੋਲ਼ ਸਮੇਂ ਹਾਲ ਦੀ ਘੜੀ ਵਾਪਸ ਲਿਆ ਜਾਵੇ। ਤੈਅ ਕੀਤੇ ਗਏ ਐਮ ਐਸ ਪੀ ‘ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕੀਤੀ ਜਾਵੇ। ਐਫ ਸੀ ਆਈ ਲਈ ਫਸਲੀ-ਖਰੀਦ ਬਜਟ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਕਣਕ ‘ਚ ਨਮੀ ਦੀ ਮਾਤਰਾ ਅਤੇ ਦਾਗੀ ਦਾਣਿਆਂ ਦੀ ਮਾਤਰਾ ਨੂੰ ਘਟਾਉਣ ਵਰਗੀਆਂ ਬੇਹੂਦਾ ਸ਼ਰਤਾਂ ਰੱਦ ਕੀਤੀਆਂ ਜਾਣ ਅਤੇ ਖਰੀਦ ਪ੍ਰਕਿਰਿਆ ਘੱਟੋ-ਘੱਟ ਸਮੇਂ ‘ਚ ਪੂਰੀ ਕਰਨ ਲਈ ਬਾਰਦਾਨਾ ਤੇ ਹੋਰ ਲੋੜੀਂਦੇ ਪ੍ਰਬੰਧ ਤੁਰੰਤ ਪੂਰੇ ਕੀਤੇ ਜਾਣ। ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿਲ 2020 ਅਤੇ ਪਰਾਲ਼ੀ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਪੂਰੇ ਦੇਸ਼ ‘ਚ ਲਾਗੂ ਕੀਤੀ ਜਾਵੇ। ਬੁਲਾਰਿਆਂ ਨੇ ਕੇਂਦਰ ਸਰਕਾਰ ‘ਤੇ ਅਡਾਨੀ ਅੰਬਾਨੀ ਤੇ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੀ ਝੋਲੀਚੁੱਕ ਹੋਣ ਦਾ ਦੋਸ਼ ਲਾਉਂਦੇ ਹੋਏ ਹੱਕੀ ਕਿਸਾਨ ਮੰਗਾਂ ਪ੍ਰਤੀ ਧਾਰਨ ਕੀਤੇ ਅੜੀਅਲ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ। ਰਾਜਸਥਾਨ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਭਾਜਪਾ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ, ਹਰਿਆਣਾ ਦੇ ਕਿਸਾਨਾਂ ‘ਤੇ ਪੁਲਿਸ ਲਾਠੀਚਾਰਜ ਅਤੇ ਪੰਜਾਬ, ਯੂ ਪੀ ਆਦਿ ਰਾਜਾਂ ਵਿੱਚ ਭਾਜਪਾ ਆਗੂਆਂ ਦੀਆਂ ਭੜਕਾਹਟ ਭਰੀਆਂ ਕਾਰਵਾਈਆਂ ਦੀ ਵੀ ਸਖਤ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਐਲਾਨ ਕੀਤਾ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਮੌਜੂਦਾ ਕਿਸਾਨ ਮੋਰਚੇ ਦੀਆਂ ਮੁੱਖ ਮੰਗਾਂ ਮੰਨਾਉਣ ਲਈ ਇਹ ਮੁਲਕ ਪੱਧਰਾ ਮੋਰਚਾ ਦਿੱਲੀ ਬਾਰਡਰਾਂ ਸਣੇ ਸਾਰੇ ਫਰੰਟਾਂ ‘ਤੇ ਲੰਬਾ ਦਮ ਰੱਖ ਕੇ ਅੰਤਮ ਜਿੱਤ ਤੱਕ ਲੜਿਆ ਜਾਵੇਗਾ। ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਇਨ੍ਹਾਂ ਕਾਨੂੰਨਾਂ ਦੀ ਮਾਰ ਹੇਠ ਆਉਂਦੇ ਮੰਡੀ ਕਰਮਚਾਰੀਆਂ, ਪੱਲੇਦਾਰਾਂ, , ਟ੍ਰਾਂਸਪੋਰਟਰਾਂ ਆਦਿ ਵੱਲੋਂ ਅੱਜ ਦੇ ਧਰਨਿਆਂ ‘ਚ ਕੀਤੀ ਗਈ ਹਿਮਾਇਤੀ ਸ਼ਮੂਲੀਅਤ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੇ 13 ਅਪ੍ਰੈਲ ਨੂੰ ਵਿਸਾਖੀ ਮੌਕੇ ਦਮਦਮਾ ਸਾਹਿਬ ( ਤਲਵੰਡੀ ਸਾਬੋ ) ਵਿਖੇ ਕੀਤੀ ਜਾ ਰਹੀ ਜਿਲ੍ਹਾ ਪੱਧਰੀ ਲਾਮਬੰਦੀ ਕਾਨਫਰੰਸ ਅਤੇ ਹੋਰ ਅਗਲੇ ਘੋਲ਼ ਪ੍ਰੋਗ੍ਰਾਮਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸਭਨਾਂ ਨੂੰ ਸੱਦਾ ਦਿੱਤਾ ਗਿਆ। ਇਸ ਤੋਂ ਇਲਾਵਾ ਬੁਲਾਰਿਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਵੇਲੇ ਘਰ ਘਰ ਨੌਕਰੀ ਦੇ ਕੀਤੇ ਵਾਅਦੇ ਤੋਂ ਉਲਟ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਅਤੇ ਜੇਲ੍ਹ ਭੇਜਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੂੰ ਰਿਹਾਅ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ । ਉਪਰੋਕਤ ਬੁਲਾਰਿਆਂ ਤੋਂ ਇਲਾਵਾ ਅੱਜ ਦੇ ਇਕੱਠਾਂ ਨੂੰ ਸੁਖਦੇਵ ਸਿੰਘ ਰਾਮਪੁਰਾ ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ , ਬਲਜੀਤ ਸਿੰਘ ਪੂਹਲਾ ,ਅਜੇਪਾਲ ਸਿੰਘ ਘੁੱਦਾ, ਗੁਰਪਾਲ ਸਿੰਘ ਦਿਓਲ ,ਜਸਪਾਲ ਸਿੰਘ ਕੋਠਾ ਗੁਰੂ ,ਨੌਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੋੜ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਅਤੇ ਲਹਿਰਾ ਮੁਹੱਬਤ ਕੱਚੇ ਕਾਮੇ ਦੇ ਆਗੂ ਜਗਰੂਪ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਅਮਿਤੋਜ ਮੌੜ ਨੇ ਵੀ ਸੰਬੋਧਨ ਕੀਤਾ।























