ਏਸ਼ੀਆਈ ਪੈਰਾ ਗੇਮਜ਼ ਦੀ ਸ਼ਾਨਦਾਰ ਕਲੋਜ਼ਿੰਗ ਸੈਰੇਮਨੀ; ਨਿਸ਼ਾਦ ਤੇ ਮੋਨਾ ਰਹੇ ਭਾਰਤੀ ਝੰਡਾਬਰਦਾਰ
– ਜਾਣੋ ਭਾਰਤ ਨੇ 30 ਗੋਲਡ ਸਮੇਤ ਜਿੱਤੇ ਕਿੰਨੇ ਤਗ਼ਮੇ
ਨਵੀ ਦਿੱਲੀ, 24 ਅਕਤੂਬਰ 2026 (ਵਿਸ਼ਵ ਵਾਰਤਾ): ਜਾਪਾਨ ਦੇ ਪਲੋਮਾ ਮਿਜ਼ੁਹੋ ਸਟੇਡੀਅਮ ਵਿੱਚ ਸ਼ਨੀਵਾਰ ਨੂੰ 5ਵੇਂ ਏਸ਼ੀਆਈ ਪੈਰਾ ਗੇਮਜ਼ ਦੀ ਸ਼ਾਨਦਾਰ ਕਲੋਜ਼ਿੰਗ ਸੈਰੇਮਨੀ ਹੋਈ। ਸਮਾਪਤੀ ਸਮਾਰੋਹ ਵਿੱਚ ਡਬਲ ਗੋਲਡ ਮੈਡਲਿਸਟ ਨਿਸ਼ਾਦ ਕੁਮਾਰ ਅਤੇ ਮੋਨਾ ਅਗਰਵਾਲ ਭਾਰਤੀ ਝੰਡਾਬਰਦਾਰ ਰਹੇ। ਭਾਰਤ ਨੇ ਖੇਡਾਂ ਦੇ ਇਸ ਮਹਾਕੁੰਭ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਕੁੱਲ 114 ਮੈਡਲ ਜਿੱਤੇ। ਇਨ੍ਹਾਂ ਵਿੱਚ 30 ਗੋਲਡ, 35 ਸਿਲਵਰ ਅਤੇ 49 ਬ੍ਰਾਂਜ਼ ਮੈਡਲ ਸ਼ਾਮਲ ਹਨ। ਤਗ਼ਮਾ ਸੂਚੀ ਵਿੱਚ ਭਾਰਤ ਚੌਥੇ ਸਥਾਨ ਉੱਤੇ ਰਿਹਾ।
ਪਿਛਲੀ ਵਾਰ ਹਾਂਗਜ਼ੂ 2022 ਵਿੱਚ ਭਾਰਤ ਨੇ 108 ਮੈਡਲ ਜਿੱਤੇ ਸਨ। ਇਸ ਵਾਰ ਛੋਟਾ ਦਲ ਹੋਣ ਦੇ ਬਾਵਜੂਦ ਕੁੱਲ ਮੈਡਲਾਂ ਅਤੇ ਗੋਲਡ ਮੈਡਲਾਂ ਦੋਵਾਂ ਦੀ ਗਿਣਤੀ ਵਿੱਚ ਸੁਧਾਰ ਦਰਜ ਕੀਤਾ ਗਿਆ। ਪਿਛਲੇ ਏਸ਼ੀਆਈ ਪੈਰਾ ਗੇਮਜ਼ ਵਿੱਚ ਭਾਰਤ ਨੇ 300 ਤੋਂ ਵੱਧ ਖਿਡਾਰੀਆਂ ਦਾ ਦਲ ਭੇਜਿਆ ਸੀ। ਇਸ ਵਾਰ ਸਿਰਫ਼ 168 ਖਿਡਾਰੀ ਸ਼ਾਮਲ ਹੋਏ।
ਏਸ਼ੀਆਈ ਪੈਰਾ ਗੇਮਜ਼ ਵਿੱਚ ਭਾਰਤੀ ਖਿਡਾਰੀਆਂ ਦੀ ਇਤਿਹਾਸਕ ਸਫ਼ਲਤਾ ਉੱਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ 114 ਤਗ਼ਮਿਆਂ ਦੀ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਦ੍ਰਿੜ੍ਹਤਾ ਅਤੇ ਆਤਮ-ਵਿਸ਼ਵਾਸ ਦਾ ਨਤੀਜਾ ਹੈ। ਇਹ ਸਫ਼ਲਤਾ ਨੌਜਵਾਨਾਂ ਨੂੰ ਵੱਡੇ ਸਪਨੇ ਦੇਖਣ, ਸਮਰਪਣ ਨਾਲ ਕੰਮ ਕਰਨ ਅਤੇ ਚੁਣੌਤੀਆਂ ਤੋਂ ਘਬਰਾਏ ਬਿਨਾਂ ਅੱਗੇ ਵਧਣ ਦੀ ਪ੍ਰੇਰਨਾ ਦੇਵੇਗੀ। ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (X) ਉੱਤੇ ਆਪਣੇ ਸੁਨੇਹੇ ਵਿੱਚ ਪੂਰੇ ਭਾਰਤੀ ਦਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇਸ ਪ੍ਰਾਪਤੀ ਨੂੰ ਦੇਸ਼ ਲਈ ਮਾਣ ਵਾਲੀ ਗੱਲ ਦੱਸਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























