ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 396ਵਾਂ ਦਿਨ
ਗੁਲਾਬੀ ਸੁੰਡੀ ਪੀੜ੍ਹਤ ਕਿਸਾਨਾਂ ਲਈ ਐਲਾਨਿਆ ਨਿਗੂਣਾ ਮੁਆਵਜ਼ਾ ਮਤੇ ਪਾ ਕੇ ਰੱਦ ਕੀਤਾ; ਕਿਸਾਨਾਂ ਦੇ ਜਖ਼ਮਾਂ ‘ਤੇ ਨਮਕ ਭੁੱਕਿਆ: ਕਿਸਾਨ ਆਗੂ
ਅਸੀਂ ਕਿਸੇ ਜ਼ਬਰ ਤੋਂ ਡਰ ਕੇ ਦਿੱਲੀ ਮੋਰਚੇ ਖਾਲੀ ਨਹੀਂ ਕਰਨੇ ; ਟਿਕਰੀ ਦੀ ਘਟਨਾ ਨੇ ਸਾਨੂੰ ਚੌਕਸ ਕੀਤਾ: ਕਿਸਾਨ ਆਗੂ
ਹਕੂਮਤ ਦੀ ਹਰ ਚੁਣੌਤੀ ਨੂੰ ਸਿਦਕ ਤੇ ਸਿਰੜ ਨਾਲ ਕਬੂਲਾਂਗੇ, ਦਿੱਲੀ ਮੋਰਚੇ ਖਾਲੀ ਨਹੀਂ ਕਰਾਂਗੇ : ਕਿਸਾਨ ਆਗੂ
ਕਾਂਗਰਸੀ ਆਗੂ ਮੋਰਚਾ ਲੀਡਰਸ਼ਿਪ ਨੂੰ ਨਸੀਹਤਾਂ ਦੇਣੀਆਂ ਬੰਦ ਕਰਨ; ਅੰਦੋਲਨ ਬਾਰੇ ਸਾਰੇ ਫੈਸਲੇ ਅਸੀਂ ਖੁਦ ਲਵਾਂਗੇ:ਕਿਸਾਨ ਆਗੂ
ਚੰਡੀਗੜ੍ਹ,31 ਅਕਤੂਬਰ(ਵਿਸ਼ਵ ਵਾਰਤਾ):-ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ ‘ਚ 108 ਥਾਵਾਂ ‘ਤੇ ਲਾਏ ਪੱਕੇ-ਧਰਨੇ ਅੱਜ 396ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ। ਬੁਲਾਰਿਆਂ ਨੇ ਅੱਜ ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਪੀੜ੍ਹਤ ਕਿਸਾਨਾਂ ਲਈ ਐਲਾਨੇ ਮੁਆਵਜ਼ੇ ਵਿਰੁੱਧ ਮਤਾ ਪਾਸ ਕਰਕੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 32% ਤੱਕ ਨੁਕਸਾਨ, 33-75% ਅਤੇ ਉਸ ਤੋਂ ਵੱਧ ਨੁਕਸਾਨ ਲਈ ਕਰਮਵਾਰ ਸਿਰਫ 2000 ਰੁਪਏ, 5400 ਅਤੇ 12000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਅਪਮਾਨਜਨਕ ਐਲਾਨ ਕੀਤਾ ਹੈ। ਕਿਸਾਨਾਂ ਦਾ ਪ੍ਰਤੀ ਏਕੜ 60000 ਰੁਪਏ ਤੋਂ ਵਧੇਰੇ ਖਰਚਾ ਹੋਇਆ ਹੈ। ਐਲਾਨੀ ਗਈ ਰਕਮ ਨਾਲ ਤਾਂ ਇਕੱਲੇ ਕੀਟ- ਨਾਸ਼ਕਾਂ ਦੇ ਖਰਚੇ ਦੀ ਵੀ ਪੂਰਤੀ ਨਹੀਂ ਹੁੰਦੀ। ਅਸੀਂ ਇਸ ਮੁਆਵਜ਼ੇ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਅਤੇ 60000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦੇ ਹਾਂ।
ਅੱਜ ਬੁਲਾਰਿਆਂ ਨੇ ਟਿਕਰੀ ਬਾਰਡਰ ਦੇ ਰਸਤੇ ਖੋਲ੍ਹਣ ਦੇ ਘਟਨਾਕਰਮ ਬਾਰੇ ਵਿਸਥਾਰ ਵਿੱਚ ਦੱਸਿਆ। ਆਗੂਆਂ ਨੇ ਕਿਹਾ ਕਿ ਆਮ ਕੰਮਕਾਜੀ ਲੋਕਾਂ ਦੀ ਸਹੂਲਤ ਲਈ ਪੰਜ ਫੁੱਟ ਚੌੜਾ ਰਸਤਾ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲਿਆ ਕਰੇਗਾ। ਅਸੀਂ ਕਿਸੇ ਕਿਸਮ ਦੇ ਜਬਰ ਤੋਂ ਡਰ ਕੇ ਦਿੱਲੀ ਮੋਰਚੇ ਖਾਲੀ ਨਹੀਂ ਕਰਨ ਲੱਗੇ। ਸਰਕਾਰ ਜਿੰਨਾ ਚਿਰ ਮਰਜੀ ਸਾਡਾ ਸਿਰੜ, ਸਿਦਕ ਤੇ ਸਬਰ ਪਰਖ ਲਵੇ। ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਮੋਰਚਿਆਂ ‘ਤੇ ਡਟੇ ਰਹਾਂਗੇ।
ਬੁਲਾਰਿਆਂ ਨੇ ਅੱਜ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਵੱਲੋਂ ਕਿਸਾਨਾਂ ਨੂੰ ਦਿੱਤੀ ਨਸੀਹਤ ਦੀ ਨਿਖੇਧੀ ਕੀਤੀ। ਬਿੱਟੂ ਨੇ ਕਿਹਾ ਸੀ ਕਿ ਰਸਤੇ ਖੁੱਲਣ ਤੋਂ ਬਾਅਦ ਹੁਣ ਕਿਸਾਨ ਦਿੱਲੀ ਵੱਲ ਕੂਚ ਕਰਨ। ਆਗੂਆਂ ਨੇ ਕਿਹਾ ਗਿਆਰਾਂ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਖੁਦ ਫੈਸਲਾ ਕਰੇਗੀ ਕਿ ਕਦੋਂ ਕਿਵੇਂ ਦਿੱਲੀ ਵੱਲ ਮਾਰਚ ਕਰਨਾ ਹੈ। ਅਸੀਂ ਆਪਣੇ ਫੈਸਲੇ ਅੰਦੋਲਨ ਵਿੱਚ ਸ਼ਾਮਲ ਜਥੇਬੰਦੀਆਂ ਦੀ ਸਲਾਹ ਅਨੁਸਾਰ ਕਰਦੇ ਹਾਂ, ਕਿਸੇ ਸਿਆਸੀ ਨੇਤਾ ਦੇ ਕਹਿਣ ‘ਤੇ ਨਹੀਂ। ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਦੀ ਹਮਾਇਤ ਦਾ ਸਿਰਫ ਪਾਖੰਡ ਕਰਦੀਆਂ ਹਨ ਅਤੇ ਚੋਣਾਂ ਦੀਆਂ ਗਿਣਤੀਆਂ ਮਿਣਤੀਆਂ ਅਨੁਸਾਰ ਬਿਆਨ ਦਿੰਦੀਆਂ ਹਨ। ਕਿਸਾਨ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।