ਸੰਯੁਕਤ ਅਧਿਆਪਕ ਫਰੰਟ ਦੀ ਪੰਜਾਬ ਸਰਕਾਰ ਦੀ ਅਨਾਮਲੀ ਕਮੇਟੀ ਨਾਲ ਹੋਈ ਮੀਟਿੰਗ
ਪੇਅ ਕਮਿਸ਼ਨ ਰਿਪੋਰਟ ਦੀਆਂ ਲਾਗੂ ਕੀਤੀਆਂ ਮੁਲਾਜ਼ਮ ਮਾਰੂ ਸਿਫਾਰਸ਼ਾਂ ਵਾਪਸ ਲੈਣ ਦੀ ਕੀਤੀ ਮੰਗ
ਚੰਡੀਗੜ੍ਹ, 21ਜੁਲਾਈ (ਵਿਸ਼ਵ ਵਾਰਤਾ ) ਸੰਯੁਕਤ ਅਧਿਆਪਕ ਫਰੰਟ ਪੰਜਾਬ ਦੀ ਸੂਬਾ ਲੀਡਰਸ਼ਿਪ ਦੀ 18 ਜੁਲਾਈ ਦੀ ਬਠਿੰਡਾ ਰੈਲੀ ਦੇ ਦਬਾਅ ਕਾਰਨ ਪੰਜਾਬ ਸਰਕਾਰ ਦੁਆਰਾ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ.ਸਿਨਹਾ ਅਤੇ ਪ੍ਰਮੁੱਖ ਸਕੱਤਰ ਪਰਸੋਨਲ ਵਿਵੇਕ ਪ੍ਰਤਾਪ ਸਿੰਘ ਦੀ ਪੇਅ ਕਮਿਸ਼ਨ ਅਤੇ ਮੁਲਾਜ਼ਮ ਅਧਿਆਪਕਾਂ ਦੀਆਂ ਹੋਰ ਮੰਗਾਂ ਲਈ ਬਣਾਈ ਕਮੇਟੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਫਰੰਟ ਦੇ ਸੂਬਾ ਆਗੂਆਂ ਦਿਗਵਿਜੇਪਾਲ ਸ਼ਰਮਾ, ਵਿਕਾਸ ਗਰਗ, ਜਗਤਾਰ ਝੱਬਰ, ਦੀਪ ਰਾਜਾ, ਰਾਜਪਾਲ ਖਨੌਰੀ, ਜਗਦੀਸ਼ ਕੁਮਾਰ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਤਨਖਾਹ ਸੰਬੰਧਤ ਆਰਥਿਕ ਮੰਗਾਂ ਤੇ ਹੋਰ ਮਸਲਿਆਂ ਬਾਰੇ ਅਨਾਮਲੀ ਕਮੇਟੀ ਨਾਲ ਵਿਸਥਾਰਤ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਵੇਂ ਤਨਖ਼ਾਹ ਕਮਿਸ਼ਨ ਰਾਹੀਂ ਪੰਜਾਬ ਦੇ ਅਧਿਆਪਕਾਂ ਈਟੀਟੀ ਕਾਡਰ ਨੂੰ 4200, ਮਾਸਟਰ ਕਾਡਰ ਦਾ 4600, ਲੈਕਚਰਾਰ ਦਾ 5000 ਗਰੇਡ ਪੇ ਦਿੱਤਾ ਗਿਆ ਸੀ, ਅਨਾਮਲੀ ਕਮੇਟੀ ਨੇ ਦਸੰਬਰ 2011 ਵਿੱਚ ਸੋਧਾਂ ਕਰਦੇ ਹੋਏ ਇਨ੍ਹਾਂ ਵਿੱਚ ਵਾਧਾ ਕੀਤਾ ਸੀ। ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਆਗੂਆਂ ਨੇ ਜ਼ੋਰਦਾਰ ਮੰਗ ਰੱਖਦਿਆਂ ਕਿਹਾ ਕਿ ਇਹ ਪੰਜਾਬ ਦੇ ਅਧਿਆਪਕਾਂ ਦੀ ਹੱਕੀ ਤੇ ਜਾਇਜ਼ ਮੰਗ ਹੈ, ਇਸ ਲਈ ਉਪਰੋਕਤ ਗਰੇਡ ਪੇਆਂ ਨੂੰ 01-01-2006 ਤੋਂ ਲਾਗੂ ਕਰਦੇ ਹੋਏ ਇਕ ਸਮਾਨ ਉੱਚਤਮ ਗੁਣਾਂਕ 3.74 ਦਿੱਤਾ ਜਾਵੇ। 15/01/15 ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਤੇ ਇਸ ਨੋਟੀਫਿਕੇਸ਼ਨ ਤਹਿਤ ਭਰਤੀ ਅਧਿਆਪਕਾਂ ਨੂੰ ਹੋ ਰਹੇ ਭਾਰੀ ਵਿੱਤੀ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ। 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਕਰਨ ਲਈ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਰੱਖੀ। ਫਰੰਟ ਦੇ ਆਗੂਆਂ ਵੱਲੋਂ ਡੀ. ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕਰਨ, ਛੇਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਮੌਜੂਦਾ ਡੀ. ਏ. 17%, ਦੀ ਬਜਾਏ ਕੇਂਦਰ ਦੀ ਤਰਜ ‘ਤੇ 28 % ਦੇਣ ਦੀ ਜ਼ੋਰਦਾਰ ਮੰਗ ਕੀਤੀ ਜਿਸ ਨੂੰ ਦੋਵੇਂ ਸਕੱਤਰਾਂ ਵੱਲੋਂ ਮੌਕੇ ‘ਤੇ ਹੀ ਪ੍ਰਵਾਨ ਕਰ ਲਿਆ ਗਿਆ।
HRA,RRA, ਨੂੰ 0.8 ਦੇ ਗੁਣਾਂਕ ਨਾਲ ਸੋਧਣ ਦੀ ਤਜਵੀਜ਼ ਨੂੰ ਰੱਦ ਕਰਦਿਆਂ ਪੁਰਾਣੇ ਰੇਟਾਂ ‘ਤੇ ਲਾਗੂ ਕਰਨ ਦੀ ਮੰਗ ਕੀਤੀ। ਮੈਡੀਕਲ ਭੱਤਾ ਘੱਟੋ-ਘੱਟ 2000 ਦੇਣ, ਮੋਬਾਇਲ ਭੱਤੇ ਨੂੰ ਡੇਢ ਗੁਣਾ ਕੀਤੇ ਜਾਣ, ਐਕਸਗ੍ਰੇਸ਼ੀਆ ਰਾਸ਼ੀ ਨੂੰ 2 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕੀਤੇ ਜਾਣ, 5178 ਮਾਸਟਰ ਕਾਡਰ ਅਧਿਆਪਕਾਂ ਨੂੰ ਮਾਣਯੋਗ ਹਾਈ ਕੋਰਟ ਦੇ ਫ਼ੈਸਲੇ ਮੁਤਾਬਕ ਤਿੰਨ ਸਾਲ ਠੇਕੇ ਦੀ ਸੇਵਾ ਦੌਰਾਨ ਮਾਸਟਰ ਕਾਡਰ ਦੇ ਬਣਦੇ ਬਕਾਏ ਤੁਰੰਤ ਜਾਰੀ ਕਰਨ, 5178 ਅਧਿਆਪਕਾਂ ਨੂੰ probation ਦੌਰਾਨ ਪੂਰੀ ਤਨਖਾਹ ਦੇਣ ਦੀ ਮੰਗ, ਰੈਗੂਲਰ ਸੇਵਾ ਤੇ ਪੇਅ ਕਮਿਸ਼ਨ ਦੇ ਵਿੱਤੀ ਲਾਭ ਰੈਗੂਲਰ ਹੋਣ ਦੀ ਮਿਤੀ ਤੋਂ ਦੇਣ, ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਸਕੀਮਾਂ ਅਧੀਨ ਰੱਖੇ ਕੱਚੇ ਅਧਿਆਪਕਾਂ ਅਤੇ ਠੇਕੇ ਤੇ ਰੱਖੇ ਹੋਏ ਕਾਮਿਆਂ ਨੂੰ ਪੂਰੇ ਸਕੇਲਾਂ ‘ਤੇ ਵਿਭਾਗ ਵਿੱਚ ਪੱਕੇ ਕਰਨ,ਕੰਪਿਊਟਰ ਫੈਕਲਟੀ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ ਕਰਨ ਅਤੇ NSQF ਅਧਿਆਪਕਾਂ ਨੂੰ ਪੂਰੇ ਸਕੇਲਾਂ ‘ਤੇ ਵਿਭਾਗ ਵਿਚ ਰੈਗੂਲਰ ਕਰਨ, ਛੇਵੇਂ ਪੇਅ ਕਮਿਸ਼ਨ ਦੇ ਨੋਟੀਫਿਕੇਸ਼ਨ ਅਨੁਸਾਰ ਪੇਅ ਫਿਕਸੇਸ਼ਨ ਸਮੇਂ ਸੀਨੀਅਰ ਜੂਨੀਅਰ ਤਨਖ਼ਾਹ ਅਨਾਮਲੀਆਂ ਦੂਰ ਕਰਨ, ਮੁਲਾਜਮ ਦੇ ਐੱਨ ਪੀ ਐਸ ਫੰਡ ਦੇ ਸਾਰੇ ਹਿੱਸੇ ਨੂੰ ਟੈਕਸ ਮੁਕਤ ਕੀਤੇ ਜਾਣ, ਨਵੀਂਆਂ ਭਰਤੀਆਂ ‘ਤੇ ਥੋਪੇ ਕੇਂਦਰੀ ਪੇਅ ਸਕੇਲ ਰੱਦ ਕਰਦੇ ਹੋਏ ਪੰਜਾਬ ਸਰਕਾਰ ਦੇ ਪੁਰਾਣੇ ਪੇਅ ਸਕੇਲ ਲਾਗੂ ਕਰਨ, ਘਰਾਂ ਤੋਂ ਦੂਰ ਕੰਮ ਕਰਦੇ ਅਧਿਆਪਕਾਂ ਦੀਆਂ ਬਦਲੀਆਂ ਪਹਿਲ ਦੇ ਆਧਾਰ ‘ਤੇ ਕੀਤੇ ਜਾਣ ਅਤੇ ਪਹਿਲਾਂ ਹੋਈਆਂ ਬਦਲੀਆਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ, ਬੇਰੁਜ਼ਗਾਰ ਸਾਂਝਾ ਅਧਿਆਪਕ ਫਰੰਟ ਦੇ ਸਮੂਹ ਬੇਰੁਜ਼ਗਾਰ (ਟੈੱਟ ਪਾਸ ਈਟੀਟੀ/ਬੀ.ਐਡ., ਡੀ.ਪੀ.ਈ., ਪੀ.ਟੀ.ਆਈ., ਆਰਟ ਐਂਡ ਕਰਾਫਟ) ਸਮੂਹ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਖਾਲੀ ਅਸਾਮੀਆਂ ‘ਤੇ ਤੁਰੰਤ ਭਰਤੀ ਕੀਤੇ ਜਾਣ ਦੀ ਮੰਗ ਕੀਤੀ ਗਈ। ਸਾਰੀਆਂ ਮੰਗਾਂ ਦਲੀਲਾਂ ਤੇ ਦਸਤਾਵੇਜ਼ੀ ਸਬੂਤਾਂ ਨਾਲ ਜੋਰਦਾਰ ਢੰਗ ਨਾਲ ਰੱਖੀਆਂ ਗਈਆਂ। ਅਨਾਮਲੀ ਕਮੇਟੀ ਵੱਲੋਂ ਉਪਰੋਕਤ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਗਿਆ। ਜੇਕਰ ਇਨ੍ਹਾਂ ਮੰਗਾਂ ਪ੍ਰਤੀ ਸਰਕਾਰ ਦੁਆਰਾ ਜਲਦ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਰਕਾਰ ਦੇ ਖਿਲਾਫ ਸੰਘਰਸ਼ ਜਾਰੀ ਰਹੇਗਾ ਤੇ ਮੁਲਾਜ਼ਮਾਂ ਦੀਆਂ ਮੰਗਾਂ ਉਪਰ ਚੱਲ ਰਹੇ ਸੰਘਰਸ਼ਾਂ ਵਿਚ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ। ਸੋ ਸੰਯੁਕਤ ਅਧਿਆਪਕ ਫਰੰਟ ਪੰਜਾਬ ਵੱਲੋਂ ਪੰਜਾਬ ਦੇ ਸਾਰੇ ਅਧਿਆਪਕ/ਮੁਲਾਜ਼ਮ ਵਰਗ ਨੂੰ ਇਹ ਪੁਰਜ਼ੋਰ ਅਪੀਲ ਹੈ ਕਿ ਸੰਘਰਸ਼ ਦੇ ਪਿੜ ਮੱਲਣ ਲਈ ਤਿਆਰ ਰਹਿਣ। ਇਸ ਸਮੇਂ ਰੇਸ਼ਮ ਸਿੰਘ ਖੇਮੂਆਣਾ, ਗੁਰਜਿੰਦਰ ਫਤਹਿਗੜ੍ਹ, ਬਿਕਰਮਜੀਤ ਸਿੰਘ, ਸ਼ਾਮ ਕੁਮਾਰ, ਗੁਰਮੀਤ ਸਿੰਘ ਝੋਰੜਾਂ ਆਦਿ ਵਫਦ ਵਿੱਚ ਸ਼ਾਮਿਲ ਸਨ।
ਜਾਰੀਕਰਤਾ:
ਸੂਬਾ ਕਮੇਟੀ ਸੰਯੁਕਤ ਅਧਿਆਪਕ ਫਰੰਟ ਪੰਜਾਬ।