ਤਾਲਾਬੰਦੀ ਦੌਰਾਨ ਸਰਕਾਰੀ ਹਸਪਤਾਲਾਂ ਵਿੱਚ 11,63,455 ਤੋਂ ਵੱਧ ਮਰੀਜ਼ਾਂ ਦੀ ਓ.ਪੀ.ਡੀ. ਕੀਤੀ ਗਈ ਚੇਅਰਮੈਨ ਚੀਮਾ
ਸਿਹਤ ਵਿਭਾਗ ਲੋਕਾਂ ਦੇ ਇਸ ਵਿਸ਼ਵਾਸ਼ ਨੂੰ ਹਰ ਹੀਲੇ ਬਰਕਰਾਰ ਰੱਖੇਗਾ – ਚੀਮਾ
ਬਟਾਲਾ, 5 ਮਈ( ਵਿਸ਼ਵ ਵਾਰਤਾ ) – ਕੋੋਰੋਨਾ ਵਾਇਰਸ ਦੇ ਖਤਰੇ ਦੌਰਾਨ ਇਹ ਸਾਬਤ ਹੋ ਗਿਆ ਹੈ ਕਿ ਸਰਕਾਰੀ ਸਿਹਤ ਸਹੂਲਤਾਂ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਮਹਾਮਾਰੀ ਦੇ ਦੌਰਾਨ ਵੀ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਸਿਰਫ ਸਰਕਾਰੀ ਸਿਹਤ ਸੰਸਥਾਵਾਂ ਹੀ ਅੱਗੇ ਆਈਆਂ ਹਨ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਏਜੰਡਾ ਵੀ ‘ਹੈਲਥ ਫਾਰ ਆਲ’ ਹੈ ਅਤੇ ਸਰਕਾਰ ਆਪਣੇ ਇਸ ਆਸੇ ਉੱਪਰ ਖਰ੍ਹੀ ਉੱਤਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰ ਰਹੀ ਹੈ।
ਪੰਜਾਬ ਸਰਕਾਰ ਦੀਆਂ ਸਿਹਤ ਸੇਵਾਵਾਂ ਉੱਪਰ ਰਾਜ ਦੇ ਲੋਕਾਂ ਦੇ ਹੋਰ ਪੱਕੇ ਹੋਏ ਭਰੋਸੇ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਜਦੋਂ ਦਾ ਸੂਬੇ ਵਿੱਚ ਕਰਫਿਊ ਲੱਗਾ ਹੈ ਸਿਹਤ ਵਿਭਾਗ ਨੇ ਦਿਨ ਰਾਤ ਲੋਕਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ 21 ਮਾਰਚ 2020 ਤੋਂ ਅੱਜ ਤੱਕ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਸੰਸਥਾਵਾਂ ਵਿੱਚ 11,63,455 ਤੋਂ ਵੱਧ ਮਰੀਜ਼ਾਂ ਦੀ ਓ.ਪੀ.ਡੀ. ਕੀਤੀ ਗਈ ਹੈ, ਜੋ ਕਿ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ਵਿੱਚ ਭਰੋਸਾ ਪਹਿਲਾਂ ਨਾਲੋਂ ਵੀ ਵਧਿਆ ਹੈ।
ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ 49628 ਮਰੀਜ਼ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹੋਏ ਹਨ। ਸਰਕਾਰੀ ਡਾਕਟਰਾਂ ਵਲੋਂ 21370 ਛੋਟੇ ਓਪਰੇਸ਼ਨ ਅਤੇ 7250 ਵੱਡੇ ਓਪਰੇਸ਼ਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਾਲਾਬੰਦੀ ਦੌਰਾਨ 9500 ਤੋਂ ਵੱਧ ਸੁਰੱਖਿਅਤ ਜਣੇਪੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਅਰਸੇ ਦੌਰਾਨ 1520867 ਤੋਂ ਵੱਧ ਲੈਬ ਟੈਸਟ ਕੀਤੇ ਗਏ ਹਨ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦਾ ਜੋ ਸਰਕਾਰੀ ਸਿਹਤ ਸੇਵਾਵਾਂ ਉੱਪਰ ਵਿਸ਼ਵਾਸ਼ ਹੋਰ ਵਧਿਆ ਹੈ ਪੰਜਾਬ ਸਰਕਾਰ ਇਸਨੂੰ ਹਰ ਹੀਲੇ ਬਰਕਰਾਰ ਰੱਖੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਸੁਰੱਖਿਆ ਲਈ ਹਰ ਵੇਲੇ ਹਾਜ਼ਰ ਹੈ। ਸ. ਚੀਮਾ ਨੇ ਇਸ ਉਪਲੱਬਧੀ ਲਈ ਸਰਕਾਰੀ ਡਾਕਟਰਾਂ ਅਤੇ ਹੋਰ ਸਟਾਫ ਨੂੰ ਸ਼ਾਬਾਸ਼ ਦਿੱਤੀ ਹੈ।