ਸੁੰਦਰ ਸ਼ਾਮ ਅਰੋੜਾ ਵਲੋਂ ਤਹਿਸੀਲ ਚੌਕ ਤੋਂ ਧੋਬੀ ਘਾਟ ਤੱਕ ਸੜਕ ਦੀ ਰਿਕਾਰਪੇਟਿੰਗ ਦੇ ਕੰਮ ਦੀ ਸ਼ੁਰੂਆਤ
ਹੁਸ਼ਿਆਰਪੁਰ, 31 ਮਾਰਚ ( ਵਿਸ਼ਵ ਵਾਰਤਾ ) ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਤਹਿਸੀਲ ਚੌਕ ਤੋਂ ਧੋਬੀ ਘਾਟ ਤੱਕ ਸੜਕ ਦੀ ਰਿਕਾਰਪੇਟਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਆਉਂਦੇ 10-15 ਦਿਨਾਂ ਵਿੱਚ ਸ਼ਹਿਰ ਦੀਆਂ ਲਗਭਗ ਸਾਰੀਆਂ ਮੁੱਖ ਸੜਕਾਂ ਨੂੰ ਨਵੀਂ ਦਿੱਖ ਮਿਲੇਗੀ।
ਪੰਜਾਬ ਸਰਕਾਰ ਵਲੋਂ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਾਰੀਆਂ ਸੜਕਾਂ ਭਵਿੱਖੀ ਲੋੜਾਂ ਦੇ ਮੱਦੇਨਜ਼ਰ ਪੂਰੀ ਗੁਣਵੱਤਾ ਅਨੁਸਾਰ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੌਰਾਨ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਧੋਬੀ ਘਾਟ ਤੱਕ ਸੜਕ ਦੀ ਰਿਕਾਰਪੇਟਿੰਗ 53.48 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਜਾਵੇਗੀ ਅਤੇ ਇਹ ਕੰਮ ਆਉਂਦੇ ਕੁਝ ਦਿਨਾਂ ਵਿੱਚ ਮੁਕੰਮਲ ਕਰਕੇ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਨੂੰ ਹਰ ਲੋੜੀਂਦਾ ਪ੍ਰੋਜੈਕਟ ਦਿੱਤਾ ਗਿਆ ਹੈ ਜਿਸ ਨਾਲ ਪੂਰੇ ਖੇਤਰ ਦਾ ਚਹੁੰਮੁਖੀ ਵਿਕਾਸ ਹੋਵੇਗਾ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਉਂਦੇ ਕੁਝ ਹਫਤਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਖੇਡਾਂ ਨਾਲ ਸਬੰਧਤ ਅਤੇ ਆਮ ਲੋਕਾਂ ਦੀ ਸਹੂਲਤ ਲਈ ਕਈ ਅਹਿਮ ਪ੍ਰੋਜੈਕਟ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ ਕੈਂਸਰ ਹਸਪਤਾਲ ਅਤੇ ਮੈਡੀਕਲ ਕਾਲਜ ਦੀ ਸਥਾਪਤੀ ਹੋਣ ਉਪਰੰਤ ਖੇਤਰ ਨੂੰ ਮੈਡੀਕਲ ਸਿੱਖਿਆ ਅਤੇ ਬੇਹਤਰ ਇਲਾਜ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਬਲਾਕ ਪ੍ਰਧਾਨ ਸ਼ਹਿਰੀ ਮੁਕੇਸ਼ ਡਾਬਰ ਤੋਂ ਇਲਾਵਾ ਪ੍ਰਵੀਨ ਸੈਣੀ, ਰਣਜੀਤ ਚੌਧਰੀ, ਪਰਮਜੀਤ ਕੌਰ, ਮੀਨਾ ਸ਼ਰਮਾ (ਸਾਰੇ ਕੌਂਸਲਰ), ਐਡਵੋਕੇਟ ਨਵੀਨ ਜੈਰਥ, ਸ਼ਾਦੀ ਲਾਲ, ਮਨਮੋਹਨ ਸਿੰਘ ਕਪੂਰ, ਅਨਿਲ ਕੁਮਾਰ, ਹਰੀਸ਼ ਅਨੰਦ ਅਤੇ ਵਰੁਣ ਸ਼ਰਮਾ ਆਦਿ ਮੌਜੂਦ ਸਨ।